ਐੱਸ ਏ ਐੱਸ ਨਗਰ (ਮੁਹਾਲੀ): ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰਵਾਰ ਅੱਜ ਦੁਪਹਿਰ ਬਾਅਦ ਤਿੰਨ ਕੁ ਵਜੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਮੌਕੇ ਨੌਜਵਾਨ ਦੀ ਪਤਨੀ ਵੀ ਮੌਜੂਦ ਸੀ, ਜਿਸ ਦਾ ਬਚਾਅ ਹੋ ਗਿਆ। ਵਾਰਦਾਤ ਮਗਰੋਂ ਅਣਪਛਾਤੇ ਹਮਲਾਵਰ ਮੌਕੇ ਤੋਂ ਮੋਟਰਸਾਈਕਲ ’ਤੇ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਗੁਰੀ ਉਰਫ਼ ਲੰਬੜ, ਵਾਸੀ ਪਿੰਡ ਰੁੜਕੀ ਪੁਖਤਾ, ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਪੁਲੀਸ ਸਬੰਧਤ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ। ਇਸ ਦੌਰਾਨ ਗੈਂਗਸਟਰ ਗੋਲਡੀ ਬਰਾੜ ਤੇ ਉਸ ਦੇ ਸਾਥੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟ ’ਚ ਇਸ ਕਤਲ ਦੀ ਜ਼ਿੰਮੇਵਾਰੀ ਕਬੂਲੀ ਹੈ।
ਮੌਕੇ ’ਤੇ ਮੌਜੂਦ ਇੱਕ ਵਕੀਲ ਨੇ ਦੱਸਿਆ ਕਿ ਨੌਜਵਾਨ ਆਪਣੀ ਗੱਡੀ ਕੱਢ ਰਿਹਾ ਸੀ ਜਿਸ ਦੌਰਾਨ ਉਥੇ ਕਿਸੇ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਵਕੀਲ ਮੁਤਾਬਕ ਹਮਲਾਵਰਾਂ ਨੇ ਨੌਜਵਾਨ ’ਤੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ। ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਵਾਰਦਾਤ ਮੌਕੇ ਨੌਜਵਾਨ ਆਪਣੀ ਆਈ-20 ਕਾਰ ਦੀ ਡਿੱਗੀ ਖੋਲ੍ਹ ਰਿਹਾ ਸੀ। ਸਿਰ ਤੇ ਮੂੰਹ ’ਤੇ ਜ਼ਿਆਦਾ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ’ਤੇ ਡੀ ਆਈ ਜੀ ਰੂਪਨਗਰ ਰੇਂਜ ਡਾ. ਨਾਨਕ ਸਿੰਘ, ਮੁਹਾਲੀ ਦੇ ਐੱਸ ਐੱਸ ਪੀ ਹਰਸਿਮਰਨ ਸਿੰਘ ਹਾਂਸ ਸਣੇ ਵੱਡੀ ਗਿਣਤੀ ’ਚ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਵੀ ਕੁੱਝ ਸਮੇਂ ਲਈ ਬੰਦ ਕਰ ਦਿੱਤੇ। ਪੁਲੀਸ ਨੇ ਫੌਰੈਂਸਿਕ ਟੀਮਾਂ ਮੌਕੇ ’ਤੇ ਬੁਲਾ ਕੇ ਵੱਖ-ਵੱਖ ਸੈਂਪਲ ਇਕੱਠੇ ਕੀਤੇ ਹਨ ਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲੀਸ ਨੇ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਅਮਰਦੀਪ ਕੌਰ, ਜੋ ਬਹੁਤ ਘਬਰਾਈ ਹੋਈ ਸੀ ਨੂੰ ਸਿਹਤ ਦੀ ਜਾਂਚ ਲਈ ਸਿਵਲ ਹਸਪਤਾਲ ਮੁਹਾਲੀ ਭੇਜਿਆ ਤੇ ਲਾਸ਼ ਹਸਪਤਾਲ ਪਹੁੰਚਾਈ, ਜਿੱਥੇ ਉਸ ਦਾ 29 ਜਨਵਰੀ ਨੂੰ ਪੋਸਟਮਾਰਟਮ ਹੋਵੇਗਾ। ਪੁਲੀਸ ਨੇ ਅਮਰਦੀਪ ਕੌਰ ਦੇ ਬਿਆਨਾਂ ’ਤੇ ਗੋਲਡੀ ਬਰਾੜ ਖਿਲਾਫ਼ ਸੋਹਾਣਾ ਥਾਣੇ ’ਚ ਪਰਚਾ ਦਰਜ ਕੀਤਾ ਹੈ।
ਡੀ ਆਈ ਜੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਦਾਲਤ ’ਚ ਪੇਸ਼ੀ ਭੁਗਤ ਕੇ ਬਾਹਰ ਆਪਣੀ ਕਾਰ ਕੋਲ ਆਇਆ ਸੀ। ਉਹ ਚਾਰ ਕਿਲੋ ਅਫ਼ੀਮ ਬਰਾਮਦਗੀ ਦੇ ਮਾਮਲੇ ’ਚ ਜ਼ਮਾਨਤ ’ਤੇ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਗੁਰਵਿੰਦਰ ਸਿੰਘ ਕਾਫੀ ਗੋਲੀਆਂ ਚਲਾਈਆਂ। ਪੁਲੀਸ ਇਸ ਘਟਨਾ ਨੂੰ ਵੱਖ-ਵੱਖ ਪੱਖਾਂ ਤੋਂ ਵਾਚ ਰਹੀ ਹੈ ਤੇ ਮਾਮਲਾ ਜਲਦੀ ਸੁਲਝਾ ਲਿਆ ਜਾਵੇਗਾ। ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ 2020 ’ਚ ਚੰਡੀਗੜ੍ਹ ਵਿੱਚ ਹੋਏ ਕਤਲ ਦੇ ਮਾਮਲੇ ’ਚ ਮਾਰੇ ਗਏ ਨੌਜਵਾਨ ਦੀ ਸ਼ਮੂਲੀਅਤ ਬਾਰੇ ਸਵਾਲ ’ਤੇ ਡੀ ਆਈ ਜੀ ਨੇ ਕਿਹਾ ਕਿ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਮੈਡੀਕਲ ਸਟੋਰ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ
ਇੱਥੋਂ ਦੇ ਜੌੜੀਆਂ ਬਾਜ਼ਾਰ ਵਿੱਚ ਅੱਜ ਸਵੇਰੇ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸਵੇਰੇ 8 ਵਜੇ ਆਪਣੀ ਦੁਕਾਨ ਖੋਲ੍ਹ ਰਿਹਾ ਸੀ। ਦੋ ਨੌਜਵਾਨ ਦਵਾਈ ਲੈਣ ਬਹਾਨੇ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਬੇਦੀ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੂੰ ਘਟਨਾ ਵਾਲੀ ਥਾਂ ਤੋਂ ਚਾਰ ਖੋਲ ਬਰਾਮਦ ਹੋਏ ਹਨ। ਐੱਸ ਐੱਸ ਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਗੈਂਗਸਟਰ ਜੀਵਨ ਫੌਜੀ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਦਾਅਵਾ ਕੀਤਾ ਕਿ 2024 ਵਿੱਚ ਹੋਈ ਗੋਲੀਬਾਰੀ ਮਗਰੋਂ ਉਸ ਦੇ ਸਾਥੀਆਂ ਨੂੰ ਪੁਲੀਸ ਨੇ ਨਾਜਾਇਜ਼ ਫੜ ਲਿਆ ਸੀ, ਜਿਸ ਨੂੰ ਛੁਡਵਾਉਣ ਲਈ ਬੇਦੀ ਨੇ ਮਦਦ ਨਹੀਂ ਕੀਤੀ, ਇਸੇ ਲਈ ਇਹ ਕਾਰਵਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਰਣਦੀਪ ਬੇਦੀ ਤੋਂ 2024 ਵਿੱਚ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਉਸ ਦੇ ਪੱਟ ਵਿੱਚ ਗੋਲੀ ਮਾਰੀ ਗਈ ਸੀ। ਪੁਲੀਸ ਨੇ ਉਸ ਨੂੰ ਸੁਰੱਖਿਆ ਗਾਰਡ ਦਿੱਤੇ ਸਨ, ਪਰ ਕੁਝ ਦਿਨ ਪਹਿਲਾਂ ਹੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਇਹ ਮਾਮਲਾ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ ਇੱਥੋਂ ਦੇ ਇੱਕ ਕਰਿਆਨਾ ਸਟੋਰ ਮਾਲਕ ਨਾਲ ਹੋਇਆ ਸੀ, ਜਿਸ ਦੀ ਸੁਰੱਖਿਆ ਹਟਾਉਣ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ‘ਆਪ’ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਕਾਹਲੋਂ ਨੇ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

