ਚੰਡੀਗੜ੍ਹ: ਵਿਰਾਟ ਕੋਹਲੀ ਦਾ ਇੰਸਟਾਗਰਾਮ ਖਾਤਾ ਮੁੜ ਦਿਖਣ ਲੱਗਿਆ ਹੈ। ਉਨ੍ਹਾਂ ਦਾ ਇਹ ਖਾਤਾ ਬੀਤੇ ਦਿਨ ਅਚਾਨਕ ਬੰਦ ਹੋ ਗਿਆ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਪ੍ਰਸੰਸਕਾਂ ਨੇ ਬੇਚੈਨੀ ਜ਼ਾਹਰ ਕੀਤੀ ਸੀ ਕਿਉਂਕਿ ਸਰਚ ਕਰਨ ਤੋਂ ਬਾਅਦ ਨਾ ਤਾਂ ਕੋਹਲੀ ਦੀ ਪ੍ਰੋਫਾਈਲ ਦਿਖ ਰਹੀ ਸੀ ਤੇ ਨਾ ਹੀ ਲਿੰਕ ਜ਼ਰੀਏ ਉਨ੍ਹਾਂ ਦਾ ਖਾਤਾ ਖੁੱਲ੍ਹ ਰਿਹਾ ਸੀ। ਕੋਹਲੀ ਦਾ ਖਾਤਾ ਖੋਲ੍ਹਣ ’ਤੇ ਲਿਖਿਆ ਆ ਰਿਹਾ ਸੀ ਕਿ ਇਹ ਪੇਜ ਉਪਲਬਧ ਨਹੀਂ ਹੈ। ਇਹ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਪ੍ਰਸੰਸਕਾਂ ਨੇ ਵਿਰਾਟ ਦੀ ਪਤਨੀ ਤੇ ਬੌਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਸਨ।
ਇਸ ਮਾਮਲੇ ਵਿਚ ਵਿਰਾਟ ਦੀ ਟੀਮ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਇਹ ਖਾਤਾ ਜਾਣ ਬੁੱਝ ਕੇ ਬੰਦ ਕੀਤਾ ਗਿਆ ਸੀ ਜਾਂ ਇਸ ਵਿਚ ਤਕਨੀਕੀ ਸਮੱਸਿਆ ਆ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੇ ਵੱਡੇ ਪ੍ਰਸੰਸਕ ਉਨ੍ਹਾਂ ਦਾ ਹਾਲ ਜਾਣਨ ਲਈ ਬੇਤਾਬ ਰਹਿੰਦੇ ਹਨ ਤੇ ਉਨ੍ਹਾਂ ਦੇ ਇੰਸਟਾਗਰਾਮ ’ਤੇ 27.40 ਕਰੋੜ ਫਾਲੋਅਰਜ਼ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈ ਸੀ ਸੀ ਇੱਕ ਰੋਜ਼ਾ ਦਰਜਾਬੰਦੀ ਵਿੱਚ ਮੁੜ ਸਿਖਰ ’ਤੇ ਪਹੁੰਚ ਗਿਆ ਸੀ। ਵਡੋਦਰਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਪਛਾੜਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਸੀ। 37 ਸਾਲਾ ਕੋਹਲੀ ਜੁਲਾਈ 2021 ਤੋਂ ਬਾਅਦ ਪਹਿਲੀ ਵਾਰ ਸਿਖਰਲੇ ਸਥਾਨ ’ਤੇ ਪਹੁੰਚਿਆ ਸੀ।
ਕੋਹਲੀ ਦਾ ਹਾਲੀਆ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਆਸਟਰੇਲੀਆ ਖ਼ਿਲਾਫ਼ ਨਾਬਾਦ 74 ਅਤੇ ਦੱਖਣੀ ਅਫਰੀਕਾ ਖ਼ਿਲਾਫ਼ 135, 102 ਅਤੇ ਨਾਬਾਦ 65 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਨਿਊਜ਼ੀਲੈਂਡ ਖ਼ਿਲਾਫ਼ 93 ਦੌੜਾਂ ਨਾਲ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਉਹ 11ਵੀਂ ਵਾਰ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਬਣਿਆ ਹੈ। ਉਹ ਹੁਣ ਤੱਕ ਕੁੱਲ 825 ਦਿਨ ਇਸ ਸਥਾਨ ’ਤੇ ਰਹਿ ਚੁੱਕਾ ਹੈ, ਜੋ ਕਿਸੇ ਵੀ ਭਾਰਤੀ ਬੱਲੇਬਾਜ਼ ਲਈ ਇੱਕ ਰਿਕਾਰਡ ਹੈ।

