ਨਵੀਂ ਦਿੱਲੀ: ਦਿੱਲੀ ਮੈਟਰੋ ਸਟੇਸ਼ਨ ਅੰਦਰ ਪਿਸ਼ਾਬ ਕਰਦੇ ਹੋਏ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇਸ ਖ਼ਿਲਾਫ਼ ਭੜਾਸ ਕੱਢੀ ਹੈ। ਦੂਜੇ ਪਾਸੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਯਾਤਰੀਆਂ ਨੂੰ ਆਪਣੇ ਅਹਾਤੇ ਵਿਚ ਸਫਾਈ ਬਣਾਈ ਰੱਖਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਡੀਐਮਆਰਸੀ ਨੇ ਪੋਸਟ ਪਾ ਕੇ ਕਿਹਾ, ‘ਡੀ.ਐਮ.ਆਰ.ਸੀ. ਆਪਣੇ ਸਾਰੇ ਯਾਤਰੀਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਅਹਾਤੇ ਨੂੰ ਸਾਫ਼ ਅਤੇ ਸਵੱਛ ਰੱਖਣ ਵਿੱਚ ਮਦਦ ਕਰਨ। ਜੇਕਰ ਯਾਤਰੀਆਂ ਨੂੰ ਕਿਸੇ ਸਾਥੀ ਯਾਤਰੀ ਵਲੋਂ ਅਜਿਹੀ ਕੋਈ ਗਤੀਵਿਧੀ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਤੁਰੰਤ ਡੀ.ਐਮ.ਆਰ.ਸੀ. ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ।’
ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ਨੂੰ ਸ਼ਰਮਨਾਕ” ਅਤੇ ਬਹੁਤ ਪ੍ਰੇਸ਼ਾਨ ਕਰਨ ਵਾਲਾ ਕਿਹਾ ਹੈ। ਇਸ ਮਾਮਲੇ ’ਤੇ ਕਈ ਜਣਿਆਂ ਨੇ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਜੁਰਮਾਨੇ ਲਗਾਉਣ ਦੀ ਅਪੀਲ ਕੀਤੀ ਹੈ।
ਯੂਜ਼ਰਾਂ ਨੇ ਡੀਐਮਆਰਸੀ ਨੂੰ ਵੀ ਟੈਗ ਕਰਦਿਆਂ ਸਫਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਮੈਟਰੋ ਸਿਸਟਮ ਵਿੱਚ ਸਫਾਈ ਦੇ ਮਿਆਰਾਂ ਨੂੰ ਮਜ਼ਬੂਤ ਕਰਨ ਲਈ ਜਾਗਰੂਕਤਾ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਕਈ ਜਣਿਆਂ ਗੁੱਸੇ ਦੀ ਥਾਂ ਪਿਆਰ ਨਾਲ ਲਿਖਿਆ ਹੈ ਕਿ ਅਜਿਹਾ ਕਰਨ ਨਾਲ ਦੇਸ਼ ਦੀ ਇਮੇਜ ਬਾਕੀ ਥਾਵਾਂ ’ਤੇ ਵਧੀਆ ਨਹੀਂ ਜਾਵੇਗੀ, ਇਸ ਕਰ ਕੇ ਆਪਣੇ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਦਿੱਤਾ ਜਾਵੇ।

