ਉੱਤਰਾਖੰਡ: ਨਕਾਬਪੋਸ਼ਾਂ ਵੱਲੋਂ ਕਾਂਗਰਸੀ ਵਿਧਾਇਕ ਦੇ ਪੁੱਤਰ ’ਤੇ ਹਮਲਾ, ਹਾਲਤ ਗੰਭੀਰ

ਰੁਦਰਪੁਰ: ਤਿੰਨ ਨਕਾਬਪੋਸ਼ਾਂ ਨੇ ਕਾਂਗਰਸੀ ਵਿਧਾਇਕ ਤਿਲਕ ਰਾਜ ਬੇਹਾਰ ਦੇ ਪੁੱਤਰ ਅਤੇ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਰੁਦਰਪੁਰ ਨਗਰ ਨਿਗਮ ਦੇ ਕੌਂਸਲਰ ਸੌਰਭ ਰਾਜ ਬੇਹਾਰ ’ਤੇ ਹਮਲਾ ਕੀਤਾ। ਪੁਲੀਸ ਮੁਤਾਬਕ ਸੌਰਭ ਨੂੰ ਐਤਵਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਾਂਗਰਸੀ ਵਿਧਾਇਕ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ।

ਪੁਲੀਸ ਨੇ ਦੱਸਿਆ ਕਿ ਸੌਰਭ ਐਤਵਾਰ ਸ਼ਾਮ ਨੂੰ ਪੁਲੀਸ ਚੌਕੀ ਜਾਣ ਲਈ ਆਪਣੇ ਘਰੋਂ ਨਿਕਲਿਆ ਸੀ ਜਦੋਂ ਇਹ ਘਟਨਾ ਆਵਾਸ ਵਿਕਾਸ ਖੇਤਰ ਵਿੱਚ ਵਾਪਰੀ। ਪੁਲੀਸ ਮੁਤਾਬਕ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਉਸ ’ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਭੱਜ ਗਏ। ਸੌਰਭ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਡਾਕਟਰਾਂ ਮੁਤਾਬਕ ਸੌਰਭ ਦੀ ਹਾਲਤ ਗੰਭੀਰ ਬਣੀ ਹੋਈ ਹੈ, ਅਤੇ ਉਸ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਤਿਲਕ ਰਾਜ ਬੇਹਾਰ ਕਿੱਚਾ ਤੋਂ ਵਿਧਾਇਕ ਹਨ ਅਤੇ ਰਾਜ ਦੇ ਸਾਬਕਾ ਕੈਬਨਿਟ ਮੰਤਰੀ ਹਨ। ਸੌਰਭ ਉਨ੍ਹਾਂ ਦਾ ਛੋਟਾ ਪੁੱਤਰ ਹੈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਆਗੂ, ਸਮਾਜਿਕ ਸੰਗਠਨਾਂ ਦੇ ਅਹੁਦੇਦਾਰ ਅਤੇ ਕਾਂਗਰਸੀ ਆਗੂ ਦੇ ਸਮਰਥਕ ਹਸਪਤਾਲ ਪਹੁੰਚ ਗਏ।

ਕਾਂਗਰਸੀ ਵਿਧਾਇਕ ਨੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਸਮਝੌਤੇ ਦੇ ਬਹਾਨੇ ਪੁਲੀਸ ਚੌਕੀ ਬੁਲਾ ਕੇ ਯੋਜਨਾਬੱਧ ਹਮਲਾ ਕੀਤਾ ਗਿਆ। ਵਿਧਾਇਕ ਨੇ ਕਿਹਾ, ‘‘ਮੇਰੇ ਪੁੱਤਰ ਸੌਰਭ ਨੂੰ ਪੰਚਾਇਤ (ਪਿੰਡ ਪਰਿਸ਼ਦ ਦੀ ਮੀਟਿੰਗ) ਦੇ ਬਹਾਨੇ ਇੱਕ ਯੋਜਨਾਬੱਧ ਸਾਜ਼ਿਸ਼ ਤਹਿਤ ਬੁਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਹ ਕਾਨੂੰਨ ਵਿਵਸਥਾ ਦੀ ਸਪੱਸ਼ਟ ਅਸਫਲਤਾ ਹੈ। ਜੇਕਰ ਪੁਲੀਸ ਨੇ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਨਹੀਂ ਕੀਤਾ, ਤਾਂ ਮੈਂ ਖੁਦ ਆਪਣੇ ਸਮਰਥਕਾਂ ਨਾਲ ਹਮਲਾਵਰਾਂ ਦੀ ਭਾਲ ਕਰਾਂਗਾ।’’

Share: