ਉਮਰ ਤੇ ਸ਼ਰਜੀਲ ਨੂੰ ਜ਼ਮਾਨਤ ਤੋਂ ਨਾਂਹ

ਉਮਰ ਤੇ ਸ਼ਰਜੀਲ ਨੂੰ ਜ਼ਮਾਨਤ ਤੋਂ ਨਾਂਹ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ’ਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਉਂਝ ‘ਸ਼ਮੂਲੀਅਤ ਦੇ ਪੱਧਰ ਦੇ ਕ੍ਰਮ’ ਦਾ ਹਵਾਲਾ ਦਿੰਦਿਆਂ ਪੰਜ ਹੋਰਾਂ ਨੂੰ ਸ਼ਰਤਾਂ ਨਾਲ ਰਾਹਤ ਦਿੰਦਿਆਂ ਕਿਹਾ ਕਿ ਮਾਮਲੇ ’ਚ ਸਾਰੇ ਮੁਲਜ਼ਮਾਂ ’ਤੇ ਦੋਸ਼ ਇਕੋ ਜਿਹੇ ਨਹੀਂ ਹਨ। ਜਸਟਿਸ ਅਰਵਿੰਦ ਕੁਮਾਰ ਅਤੇ ਐੱਨ ਵੀ ਅੰਜਾਰੀਆ ਦੇ ਬੈਂਚ ਨੇ ਕਿਹਾ ਕਿ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਖ਼ਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ ਏ ਪੀ ਏ) ਤਹਿਤ ਪਹਿਲੀ ਨਜ਼ਰ ’ਚ ਮਾਮਲਾ ਬਣਦਾ ਹੈ। ਦੋਵੇਂ ਜੇਲ੍ਹ ’ਚ ਰਹਿਣਗੇ; ਹੋਰ ਮੁਲਜ਼ਮਾਂ ਗੁਲਫਿਸ਼ਾ ਫਾਤਿਮਾ, ਮੀਰਾਨ ਹੈਦਰ, ਸ਼ਿਫਾ ਉਰ ਰਹਿਮਾਨ, ਮੁਹੰਮਦ ਸਲੀਮ ਖ਼ਾਨ ਤੇ ਸ਼ਾਦਾਬ ਅਹਿਮਦ ਨੂੰ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਗਵਾਹਾਂ ਤੋਂ ਪੁੱਛ-ਗਿੱਛ ਹੋ ਜਾਣ ਮਗਰੋਂ ਖਾਲਿਦ ਅਤੇ ਇਮਾਮ ਅੱਜ ਤੋਂ ਇਕ ਸਾਲ ਬਾਅਦ ਨਵੇਂ ਸਿਰੇ ਤੋਂ ਜ਼ਮਾਨਤ ਅਰਜ਼ੀ ਦਾਖ਼ਲ ਕਰ ਸਕਦੇ ਹਨ, ਖਾਲਿਦ ਤੇ ਇਮਾਮ ਦਾ ਮਾਮਲਾ ਹੋਰ ਮੁਲਜ਼ਮਾਂ ਦੇ ਮੁਕਾਬਲੇ ’ਚ ਵੱਖ ਹੈ। ਬੈਂਚ ਨੇ ਕਿਹਾ ਕਿ ਇਸਤਗਾਸਾ ਧਿਰ ਨੇ ਪਹਿਲੀ ਨਜ਼ਰ ’ਚ ‘ਕੇਂਦਰੀ ਤੇ ਫ਼ੈਸਲਾਕੁਨ ਭੂਮਿਕਾ’ ਅਤੇ ਯੋਜਨਾ, ਲਾਮਬੰਦੀ ਤੇ ਰਣਨੀਤਕ ਦਿਸ਼ਾ ਦੇ ਪੱਧਰ ’ਚ ਸ਼ਮੂਲੀਅਤ ਦਾ ਖ਼ੁਲਾਸਾ ਕੀਤਾ ਹੈ। ਸੁਪਰੀਮ ਕੋਰਟ ਮੁਤਾਬਕ ਮੁਕੱਦਮੇ ’ਚ ਦੇਰੀ ਕੋਈ ‘ਆਖ਼ਰੀ ਦਾਅ’ ਨਹੀਂ ਹੈ ਜੋ ਵਿਧਾਨਕ ਸੁਰੱਖਿਆ ਉਪਾਅ ਨੂੰ ਖੁਦ ਹੀ ਦਰਕਿਨਾਰ ਕਰ ਦੇਵੇ। ਬੈਂਚ ਨੇ ਹੇਠਲੀ ਅਦਾਲਤ ਨੂੰ ਜ਼ਮਾਨਤ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੰਦਿਆਂ 12 ਸ਼ਰਤਾਂ ਲਾਈਆਂ ਅਤੇ ਕਿਹਾ ਕਿ ਆਜ਼ਾਦੀ ਦੀ ਦੁਰਵਰਤੋਂ ਜ਼ਮਾਨਤ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ। ਅਦਾਲਤ ਨੇ ਕਿਹਾ ਕਿ ਯੂ ਏ ਪੀ ਏ ਮਾਮਲਿਆਂ ’ਚ ਜ਼ਮਾਨਤ ਦੇਣਾ ਨਿਯਮਤ ਪ੍ਰਕਿਰਿਆ ਨਹੀਂ ਹੈ, ਫਿਰ ਵੀ ਕਾਨੂੰਨ ਤਹਿਤ ਜ਼ਮਾਨਤ ਦੇਣ ਤੋਂ ਨਾਂਹ ਕਰਨਾ ਜ਼ਰੂਰੀ ਨਹੀਂ ਹੈ ਅਤੇ ਇਹ ਕਾਨੂੰਨ ਜ਼ਮਾਨਤ ਦੇਣ ਦੇ ਅਦਾਲਤ ਦੇ ਅਧਿਕਾਰ ਖੇਤਰ ਨੂੰ ਵੀ ਸੀਮਤ ਨਹੀਂ ਕਰਦਾ ਹੈ।

ਹੁਣ ਜੇਲ੍ਹ ਹੀ ਮੇਰੀ ਜ਼ਿੰਦਗੀ: ਉਮਰ

ਨਵੀਂ ਦਿੱਲੀ: ਦਿੱਲੀ ਦੰਗਿਆਂ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ’ਚ ਸੁਪਰੀਮ ਕੋਰਟ ਤੋਂ ਜ਼ਮਾਨਤ ਨਾ ਮਿਲਣ ਮਗਰੋਂ ਉਮਰ ਖਾਲਿਦ ਨੇ ਆਪਣੀ ਦੋਸਤ ਬਨੋਜਯੋਤਸਨਾ ਲਾਹਿੜੀ ਨੂੰ ਕਿਹਾ ਕਿ ਹੁਣ ਜੇਲ੍ਹ ਹੀ ਉਸ ਦੀ ਜ਼ਿੰਦਗੀ ਹੈ ਅਤੇ ਉਹ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਤੋਂ ਖੁਸ਼ ਹੈ। ਬਨੋਜਯੋਤਸਨਾ ਨੇ ‘ਐਕਸ’ ’ਤੇ ਕਿਹਾ, ‘‘ਉਮਰ ਨੇ ਕਿਹਾ ਕਿ ਉਹ ਬਾਕੀ ਲੋਕਾਂ ਲਈ ਬਹੁਤ ਖੁਸ਼ ਹੈ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ। ਰਾਹਤ ਮਹਿਸੂਸ ਹੋ ਰਹੀ ਹੈ।’’ ਇਸ ਦੇ ਜਵਾਬ ’ਚ ਜਦੋਂ ਮੈਂ ਆਖਿਆ ਕਿ ਭਲਕੇ ਮੁਲਾਕਾਤ ਲਈ ਮੁੜ ਆਵਾਂਗੀ ਤਾਂ ਉਮਰ ਨੇ ਕਿਹਾ, ‘‘ਹਾਂ ਠੀਕ ਹੈ, ਆ ਜਾਣਾ। ਹੁਣ ਇਹੋ ਜ਼ਿੰਦਗੀ ਹੈ।’’ ਉਮਰ ਖਾਲਿਦ ਦੇ ਪਿਤਾ ਐੱਸ ਕਿਊ ਆਰ ਇਲਿਆਸ ਨੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਸਿਰਫ਼ ਇਹੋ ਆਖਿਆ ਕਿ ਇਹ ਮੰਦਭਾਗਾ ਹੈ। ਉਧਰ, ਜਹਾਨਾਬਾਦ (ਬਿਹਾਰ) ’ਚ ਸ਼ਰਜੀਲ ਇਮਾਮ ਦੇ ਚਾਚੇ ਅਰਸ਼ਦ ਇਮਾਮ ਨੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਸੀ ਕਿ ਐਤਕੀਂ ਸ਼ਰਜੀਲ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਇੰਝ ਨਹੀਂ ਹੋ ਸਕਿਆ। ਉਂਝ ਉਨ੍ਹਾਂ ਫ਼ੈਸਲੇ ਦਾ ਸਨਮਾਨ ਕਰਨ ਦੀ ਗੱਲ ਵੀ ਆਖੀ।

ਵਿਰੋਧੀ ਧਿਰ ਨੇ ਖਾਲਿਦ ਤੇ ਸ਼ਰਜੀਲ ਦੀ ਜ਼ਮਾਨਤ ਰੱਦ ਹੋਣ ’ਤੇ ਸਵਾਲ ਚੁੱਕੇ

ਨਵੀਂ ਦਿੱਲੀ: ਵਿਰੋਧੀ ਧਿਰ ਦੇ ਨੇਤਾਵਾਂ ਨੇ ਅੱਜ ਸੁਪਰੀਮ ਕੋਰਟ ਵੱਲੋਂ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਕਾਰਕੁਨ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ’ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਸ਼ਾਰਾ ਕੀਤਾ ਕਿ ਜਬਰ-ਜਨਾਹ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਸੀ ਪੀ ਐੱਮ ਦੇ ਸੰਸਦ ਮੈਂਬਰ ਜੌਹਨ ਬ੍ਰਿਟਾਸ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਇਹ ਸਿਧਾਂਤ ਕਿ ਜ਼ਮਾਨਤ ਨਿਯਮ ਹੈ ਅਤੇ ਜੇਲ੍ਹ ਅਪਵਾਦ, ਕੁਝ ਖਾਸ ਵਿਅਕਤੀਆਂ ਦੇ ਮਾਮਲੇ ਵਿੱਚ ਸਪੱਸ਼ਟ ਤੌਰ ’ਤੇ ਲਾਗੂ ਨਹੀਂ ਹੁੰਦਾ ਹੈ। ਉਮਰ ਖਾਲਿਦ ਨੂੰ ਕੋਈ ਜ਼ਮਾਨਤ ਨਹੀਂ ਮਿਲੀ ਜਿਸ ਨੂੰ ਸਖ਼ਤ ਕਾਨੂੰਨ ਯੂ ਏ ਪੀ ਏ ਤਹਿਤ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ, ਟਰਾਇਲ ਅਜੇ ਸ਼ੁਰੂ ਵੀ ਨਹੀਂ ਹੋਇਆ। ਟਰਾਇਲ ਤੋਂ ਪਹਿਲਾਂ ਦੀ ਜੇਲ੍ਹ ਕੋਈ ਸਜ਼ਾ ਨਹੀਂ ਹੈ।’’

ਸੀ ਪੀ ਐੱਮ ਨੇ ‘ਐਕਸ’ ਉੱਤੇ ਪੋਸਟ ਰਾਹੀਂ ਕਿਹਾ ਕਿ ਜ਼ਮਾਨਤ ਤੋਂ ਲਗਾਤਾਰ ਇਨਕਾਰ ਕਰਨਾ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ ਏ ਪੀ ਏ) ਦੀ ਵਰਤੋਂ ਅਸਹਿਮਤੀ ਦੀ ਆਵਾਜ਼ ਨੂੰ ਕੁਚਲਣ ਲਈ ਕੀਤੀ ਜਾ ਰਹੀ ਹੈ। ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਜ਼ਮਾਨਤ ਨਾ ਮਿਲਣਾ ਪ੍ਰੇਸ਼ਾਨ ਕਰਨ ਵਾਲੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ, ‘‘ਹਾਲਾਂਕਿ ਇਹ ਸੱਚ ਹੈ ਕਿ ਸੰਵਿਧਾਨਕ ਅਦਾਲਤਾਂ ਕੋਲ ਸ਼ਕਤੀ ਹੈ ਅਤੇ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਜਿੱਥੇ ਜੇਲ੍ਹ ਦੀ ਮਿਆਦ ਬਹੁਤ ਜ਼ਿਆਦਾ ਲੰਮੀ, ਬੇਲੋੜੀ ਜਾਂ ਅਨੁਪਾਤਕ ਹੋ ਜਾਂਦੀ ਹੈ, ਉੱਥੇ ਜ਼ਮਾਨਤ ਦਿੱਤੀ ਜਾਵੇ।’’

‘ਟੁੱਕੜੇ-ਟੁੱਕੜੇ ਗਰੋਹ’ ਨੂੰ ਹਮਾਇਤ ਦੇਣ ਲਈ ਕਾਂਗਰਸ ਮੁਆਫ਼ੀ ਮੰਗੇ: ਭਾਜਪਾ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਭਾਜਪਾ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਉਹ ‘ਟੁੱਕੜੇ-ਟੁੱਕੜੇ ਗਰੋਹ’ ਨੂੰ ਹਮਾਇਤ ਦੇਣ ਲਈ ਮੁਆਫ਼ੀ ਮੰਗੇ। ਖਾਲਿਦ ਅਤੇ ਇਮਾਮ ਨੂੰ ਭਾਰਤ ’ਚ ਵੰਡਪਾਊ ਤਾਕਤਾਂ ਦਾ ‘ਮੁੱਖ ਚਿਹਰਾ’ ਦੱਸਦਿਆਂ ਭਾਜਪਾ ਨੇ ਦਾਅਵਾ ਕੀਤਾ ਕਿ ਕਾਂਗਰਸ ਦਾ ਈਕੋ-ਸਿਸਟਮ ਉਨ੍ਹਾਂ ਨੂੰ ਬਚਾਉਣ ਲਈ ‘ਬੇਕਸੂਰ ਪੀੜਤ’ ਵਜੋਂ ਗਰਦਾਨ ਰਿਹਾ ਸੀ। ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਨੂੰ ਨੱਕ ਰਗੜ ਕੇ ਅੰਕਿਤ ਸ਼ਰਮਾ, ਰਤਨ ਲਾਲ ਅਤੇ ਦਿਲਬਰ ਨੇਗੀ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜੋ ਦਿੱਲੀ ’ਚ ਮਾਰੇ ਗਏ ਸਨ। ਉਨ੍ਹਾਂ ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ‘ਆਪ’ ਨੂੰ ਵੀ ਦੰਗਿਆਂ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ।

Share: