ਦੋਰਾਹਾ: ਇੱਥੇ ਦੋਰਾਹਾ-ਰਾਮਪੁਰ ਛਾਉਣੀ ਰੋਡ ’ਤੇ ਅੱਜ ਸਵੇਰੇ ਪੁਲੀਸ ਨਾਲ ਮੁਕਾਬਲੇ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਦੋਰਾਹਾ ਦੀ ਪੁਲੀਸ ਨੇ ਐੱਸ ਐੱਚ ਓ ਆਕਾਸ਼ ਦੱਤ ਦੀ ਅਗਵਾਈ ਹੇਠ ਨਾਕਾ ਲਾਇਆ ਹੋਇਆ ਸੀ। ਜਦੋਂ ਬਿਨਾਂ ਨੰਬਰ ਵਾਲੀ ਸਕਾਰਪੀਓ ਨੂੰ ਰੋਕਿਆ ਗਿਆ ਤਾਂ ਉਸ ਵਿੱਚ ਸਵਾਰ ਦੋ ਵਿਅਕਤੀਆਂ ਨੇ ਪੁਲੀਸ ਦੇ ਵਾਹਨ ਵਿੱਚ ਆਪਣੀ ਗੱਡੀ ਮਾਰੀ ਅਤੇ ਪੁਲੀਸ ਮੁਲਾਜ਼ਮਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋ ਗੋਲੀਆਂ ਪੁਲੀਸ ਦੀ ਗੱਡੀ ਵਿਚ ਲੱਗੀਆਂ ਅਤੇ ਤੀਜੀ ਗੋਲੀ ਐੱਸ ਐੱਚ ਓ ਆਕਾਸ਼ ਦੱਤ ਦੀ ਛਾਤੀ ਵਿੱਚ ਲੱਗੀ। ਹਾਲਾਂਕਿ, ਉਨ੍ਹਾਂ ਦੇ ਬੁਲੇਟ ਪਰੂਫ ਜੈਕੇਟ ਪਾਈ ਹੋਣ ਕਾਰਨ ਬਚਾਅ ਹੋ ਗਿਆ।
ਇਸ ਦੌਰਾਨ ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਵੱਜੀ। ਜ਼ਖ਼ਮੀ ਹੋਣ ਕਾਰਨ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ। ਪੁਲੀਸ ਨੇ ਇਸ ਦੌਰਾਨ ਦੂਜੇ ਮੁਲਜ਼ਮ ਨੂੰ ਵੀ ਮੁਸਤੈਦੀ ਨਾਲ ਗ੍ਰਿਫ਼ਤਾਰ ਕਰ ਲਿਆ। ਐੱਸ ਪੀ (ਡੀ) ਪਵਨਦੀਪ ਚੌਧਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਸਿਮਰਤ ਸਿੰਘ ਮੰਡ ਵਾਸੀ ਭੁੱਟਾ ਅਤੇ ਏਵਨ ਭੰਡਾਲ ਵਾਸੀ ਰਾੜਾ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਸਿਮਰਤ ਸਿੰਘ ਖ਼ਿਲਾਫ਼ ਪਹਿਲਾਂ ਵੀ ਅਗਵਾ ਕਰਨ ਸਮੇਤ ਹੋਰ ਮਾਮਲਿਆਂ ਵਿਚ ਤਿੰਨ ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

