ਦੁਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੋਟੀ ਦੇ ਇਰਾਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ-ਦੂਜੇ ਨੂੰ ਸਖ਼ਤ ਚਿਤਾਵਨੀਆਂ ਦਿੱਤੀਆਂ ਹਨ, ਕਿਉਂਕਿ ਇਸਲਾਮਿਕ ਗਣਰਾਜ ਦੇ ਕਈ ਹਿੱਸਿਆਂ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਜੂਨ ਵਿੱਚ ਅਮਰੀਕਾ ਵੱਲੋਂ ਇਰਾਨੀ ਪਰਮਾਣੂ ਸਾਈਟਾਂ ‘ਤੇ ਕੀਤੀ ਗਈ ਬੰਬਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪਹਿਲਾਂ ਹੀ ਸਿਖਰ ‘ਤੇ ਸੀ।
ਇਰਾਨੀ ਕਰੰਸੀ ‘ਰਿਆਲ’ ਦੀ ਗਿਰਾਵਟ ਕਾਰਨ ਸ਼ੁਰੂ ਹੋਏ ਇਹਨਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪ੍ਰਦਰਸ਼ਨਕਾਰੀ ਹੁਣ ਸਿੱਧੇ ਤੌਰ ‘ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਹਨ। 2022 ਵਿੱਚ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਇਹ ਇਰਾਨ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨ ਮੰਨੇ ਜਾ ਰਹੇ ਹਨ। ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਪਲੇਟਫਾਰਮ ‘ਤੇ ਚਿਤਾਵਨੀ ਦਿੱਤੀ ਕਿ ਜੇਕਰ ਇਰਾਨ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ, ਤਾਂ ਅਮਰੀਕਾ ਉਨ੍ਹਾਂ ਦੀ ਮਦਦ ਲਈ ਹਰ ਵੇਲੇ ਤਿਆਰ ਹੈ।

