ਦਮ ਘੁਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਦਮ ਘੁਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਤਰਨ ਤਾਰਨ: ਅਲੀਪੁਰ (ਹਰੀਕੇ) ਵਿੱਚ ਅੱਜ ਰਾਤ ਵੇਲੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਧੂੰਏਂ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ; 10 ਸਾਲਾ ਲੜਕੇ ਦੀ ਹਾਲਤ ਗੰਭੀਰ ਹੈ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚ 20 ਸਾਲ ਦਾ ਅਰਸ਼ਦੀਪ ਸਿੰਘ, 19 ਸਾਲ ਦੀ ਉਸ ਦੀ ਪਤਨੀ ਜਸ਼ਨਦੀਪ ਕੌਰ ਅਤੇ ਉਨ੍ਹਾਂ ਦਾ ਡੇਢ ਮਹੀਨੇ ਦਾ ਬੱਚਾ ਗੁਰਬਾਜ ਸਿੰਘ ਸ਼ਾਮਲ ਹਨ| ਇਸ ਤੋਂ ਇਲਾਵਾ 10 ਸਾਲ ਦੇ ਕ੍ਰਿਸ਼ਨਦੀਪ ਸਿੰਘ ਦੀ ਹਾਲਤ ਗੰਭੀਰ ਹੈ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹੈ| ਉਹ ਅਰਸ਼ਦੀਪ ਸਿੰਘ ਦਾ ਸਾਲਾ ਹੈ ਜੋ ਨੇੜਲੇ ਪਿੰਡ ਸਰਹਾਲੀ ਤੋਂ ਆਪਣੀ ਭੈਣ ਨੂੰ ਕੱਲ੍ਹ ਹੀ ਮਿਲਣ ਲਈ ਆਇਆ ਸੀ|

ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਉੱਠਿਆ ਤਾਂ ਉਸ ਨੇ ਉਸੇ ਵੇਲੇ ਕੰਮ ’ਤੇ ਜਾਣ ਲਈ ਆਪਣੇ ਪੁੱਤਰ ਅਰਸ਼ਦੀਪ ਨੂੰ ਆਵਾਜ਼ਾਂ ਮਾਰੀਆਂ ਪਰ ਜਦੋਂ 7 ਵਜੇ ਤੱਕ ਉਹ ਬਾਹਰ ਨਾ ਆਇਆ ਤਾਂ ਗੁਰਸਾਹਿਬ ਸਿੰਘ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ| ਅੰਦਰੋਂ ਜਵਾਬ ਨਾ ਆਉਣ ’ਤੇ ਉਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕਮਰੇ ਅੰਦਰ ਸੁੱਤੇ ਪਰਿਵਾਰ ਦੇ ਸਾਰੇ ਜੀਅ ਬੇਸੁੱਧ ਪਏ ਸਨ। ਡਾਕਟਰਾਂ ਨੇ ਅਰਸ਼ਦੀਪ ਸਿੰਘ, ਉਸ ਦੀ ਪਤਨੀ ਜਸ਼ਨਦੀਪ ਕੌਰ ਅਤੇ ਡੇਢ ਮਹੀਨੇ ਦੇ ਬੱਚੇ ਗੁਰਬਾਜ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ; ਅਰਸ਼ਦੀਪ ਦੇ ਸਾਲੇ ਕ੍ਰਿਸ਼ਨਦੀਪ ਦੀ ਹਾਲਤ ਗੰਭੀਰ ਹੈ। ਗੁਰਸਾਹਿਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਖਾਣਾ ਖਾ ਕੇ ਸੌਂ ਗਏ ਤਾਂ ਉਨ੍ਹਾਂ ਦੇ ਲੜਕੇ ਨੇ ਸਰਦੀ ਵਧੇਰੇ ਹੋਣ ਕਰ ਕੇ ਕਮਰੇ ਅੰਦਰ ਕੋਲਿਆਂ ਨਾਲ ਅੰਗੀਠੀ ਬਾਲ ਲਈ ਸੀ| ਕੋਲਿਆਂ ਦੇ ਧੂੰਏਂ ਤੋਂ ਪੈਦਾ ਹੋਈ ਗੈਸ ਨਾਲ ਉਸ ਦੇ ਲੜਕੇ, ਨੂੰਹ ਅਤੇ ਪੋਤਰੇ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਹੈ|

Share: