ਢਾਕਾ: ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ‘ਸਾਰਕ ਦੀ ਭਾਵਨਾ ਜ਼ਿੰਦਾ ਹੈ’। ਇਸ ਗੱਲ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ਮੌਕੇ ਦੱਖਣ ਏਸ਼ਿਆਈ ਮੁਲਕਾਂ ਦੇ ਆਗੂ ਦੇਸ਼ ਦਾ ਦੁੱਖ ਵੰਡਾਉਣ ਲਈ ਇਕੱਠੇ ਹੋਏ ਸਨ। ਯਾਦ ਰਹੇ ਕਿ ਢਾਕਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇ ਸਸਕਾਰ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਸ਼ਾਮਲ ਹੋਏ ਸਨ।
ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਬਿਆਨ ਵਿੱਚ ਮੁੱਖ ਸਲਾਹਕਾਰ ਦੇ ਦਫ਼ਤਰ ਨੇ ਕਿਹਾ ਹੈ ਕਿ ਸਾਰਕ ਮੁਲਕਾਂ ਵੱਲੋਂ ਤਿੰਨ ਵਾਰ ਪ੍ਰਧਾਨ ਮੰਤਰੀ ਰਹੀ ਅਤੇ ਦੁਨੀਆ ਦੀ ਦੂਜੀ ਮੁਸਲਿਮ ਮਹਿਲਾ ਮੁਖੀ ਲਈ ਦਿਖਾਏ ਸਤਿਕਾਰ ਤੋਂ ਸ੍ਰੀ ਯੂਨਸ ‘ਬਹੁਤ ਪ੍ਰਭਾਵਿਤ’ ਹੋਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਦੌਰੇ ’ਤੇ ਬੰਗਲਾਦੇਸ਼ ਆਏ ਦੱਖਣ ਏਸ਼ਿਆਈ ਆਗੂਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਵਾਰ-ਵਾਰ ਏਸ਼ੀਅਨ ਐਸੋਸੀਏਸ਼ਨ ਫਾਰ ਰਿਜਨਲ ਕੋਆਪਰੇਸ਼ਨ (ਸਾਰਕ) ਨੂੰ ਮੁੜ ਸ਼ੁਰੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਖੇਤਰੀ ਮੁਲਕਾਂ ਦੇ ਸਮੂਹ ਵਿੱਚ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵਜ਼, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਸ਼ਾਮਲ ਹਨ। 2016 ਤੋਂ ਸਾਰਕ ਦੀਆਂ ਸਰਗਰਮੀਆਂ ਵੱਡੇ ਪੱਧਰ ’ਤੇ ਬੰਦ ਰਹੀਆਂ ਹਨ। 2014 ਵਿੱਚ ਕਾਠਮੰਡੂ ਵਿੱਚ ਹੋਈ ਆਖ਼ਰੀ ਸਿਖਰ ਵਾਰਤਾ ਤੋਂ ਬਾਅਦ ਇਸ ਦੀ ਹਰ ਦੋ ਸਾਲ ਵਿੱਚ ਹੋਣ ਵਾਲੀ ਮੀਟਿੰਗ ਬੰਦ ਹੋ ਗਈ ਹੈ।