ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੱਸਿਆ ਕਿ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਮੁਕਤ ਵਪਾਰ ਸਮਝੌਤਾ (FTA) ਸਿਰੇ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੀਆਂ ਨਜ਼ਰਾਂ ਇਸ ਸਮਝੌਤੇ ’ਤੇ ਟਿਕੀਆਂ ਹਨ। ਬੀਬੀਸੀ ਦੀ ਰਿਪੋਰਟ ਅਨੁਸਾਰ ਭਾਰਤ ਤੇ ਯੂਰਪੀ ਸੰਘ ਨੇ ਕਰੀਬ ਦੋ ਦਹਾਕੇ ਦੀ ਗੱਲਬਾਤ ਤੋਂ ਬਾਅਦ ਇਕ ਅਹਿਮ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਸਮਝੌਤੇ ਤਹਿਤ ਯੂਰਪ ਤੋਂ ਆਉਣ ਵਾਲੀ ਸ਼ਰਾਬ ਤੇ ਲਗਜ਼ਰੀ ਗੱਡੀਆਂ ’ਤੇ ਟੈਕਸ ਜਾਂ ਤਾਂ ਖਤਮ ਕਰ ਦਿੱਤਾ ਜਾਵੇਗਾ ਜਾਂ ਬਹੁਤ ਘੱਟ ਵਸੂਲਿਆ ਜਾਵੇਗਾ ਜਿਸ ਨਾਲ ਵੱਡੀਆਂ ਕਾਰਾਂ ਤੇ ਸ਼ਰਾਬ ਸਸਤੀ ਮਿਲੇਗੀ। ਇਹ ਪਤਾ ਲੱਗਿਆ ਹੈ ਕਿ ਇਨ੍ਹਾਂ ਕਾਰਾਂ ’ਤੇ ਟੈਕਸ 110 ਫੀਸਦੀ ਤੋਂ ਘੱਟ ਕੇ 10 ਫੀਸਦੀ ਹੋ ਗਿਆ ਹੈ। ਸ੍ਰੀ ਮੋਦੀ ਨੇ ਇਸ ਨੂੰ ਇੱਕ ਇਤਿਹਾਸਕ ਮੀਲ ਪੱਥਰ ਅਤੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਸਹਿਯੋਗ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਕਿਹਾ। ਪ੍ਰਧਾਨ ਮੰਤਰੀ ਨੇ ਇੰਡੀਆ ਐਨਰਜੀ ਵੀਕ ਦੇ ਚੌਥੇ ਐਡੀਸ਼ਨ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਇਹ ਇਤਿਹਾਸਕ ਸਮਝੌਤਾ ਭਾਰਤ ਦੇ 140 ਕਰੋੜ ਨਾਗਰਿਕਾਂ ਦੇ ਨਾਲ-ਨਾਲ ਯੂਰਪ ਭਰ ਦੇ ਲੱਖਾਂ ਲੋਕਾਂ ਲਈ ਵਿਸ਼ਾਲ ਮੌਕੇ ਖੋਲ੍ਹਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਐਨਰਜੀ ਵੀਕ ਦਾ ਵਰਚੁਅਲੀ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਊਰਜਾ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਵਿਸ਼ਵਵਿਆਪੀ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਮੌਕੇ ਪ੍ਰਦਾਨ ਕਰਦਾ ਆ ਰਿਹਾ ਹੈ। ਸ੍ਰੀ ਮੋਦੀ ਨੇ ਇਸ ਨੂੰ ਸਾਰੇ ਸੌਦਿਆਂ ਵਿਚ ਅਹਿਮ ਕਰਾਰ ਦਿੱਤਾ।
Posted inNew Delhi
India-EU FTA Finalized: ਭਾਰਤ ਤੇ ਯੂਰਪੀ ਸੰਘ ਦਰਮਿਆਨ ਸਭ ਤੋਂ ਅਹਿਮ ਵਪਾਰਕ ਸਮਝੌਤਾ ਸਿਰੇ ਚੜ੍ਹਿਆ

