ਕਾਂਗਰਸ ਨਾਲ ਮਤਭੇਦ ਦੀਆਂ ਖ਼ਬਰਾਂ ਦਰਮਿਆਨ ਥਰੂਰ ਵੱਲੋਂ ਖੜਗੇ ਅਤੇ ਰਾਹੁਲ ਨਾਲ ਮੁਲਾਕਾਤ

ਕਾਂਗਰਸ ਨਾਲ ਮਤਭੇਦ ਦੀਆਂ ਖ਼ਬਰਾਂ ਦਰਮਿਆਨ ਥਰੂਰ ਵੱਲੋਂ ਖੜਗੇ ਅਤੇ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ: ਕਾਂਗਰਸ ਪਾਰਟੀ ਅੰਦਰ ਉੱਭਰੇ ਮਤਭੇਦਾਂ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਥਰੂਰ ਨੇ ਕਿਹਾ ਕਿ ਸਭ ਠੀਕ ਹੈ ਅਤੇ ਉਹ ਪਾਰਟੀ ਲੀਡਰਸ਼ਿਪ ਨਾਲ ਇੱਕਜੁਟ ਹਨ।

ਇਹ ਮੀਟਿੰਗ ਖੜਗੇ ਦੇ ਚੈਂਬਰ ਵਿੱਚ ਇਕ ਘੰਟੇ ਤੋਂ ਵੱਧ ਚਲੀ। ਸੂਤਰਾਂ ਮੁਤਾਬਕ, ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਬਾਅਦ ਥਰੂਰ ਨੇ ਕਿਹਾ, “ਸਭ ਠੀਕ ਹੈ। ਅਸੀਂ ਪਾਰਟੀ ਲੀਡਰਸ਼ਿਪ ਨਾਲ ਇੱਕਜੁਟ ਹਾਂ। ਮੀਟਿੰਗ ’ਚ ਰਚਨਾਤਮਕ ਅਤੇ ਸਕਾਰਾਤਮਕ ਗੱਲਬਾਤ ਹੋਈ।” ਉਨ੍ਹਾਂ ਨੇ ਕਿਹਾ, “ਮੈਂ ਕਿਸੇ ਚੀਜ਼ ਲਈ ਉਮੀਦਵਾਰ ਬਣਨ ਵਿੱਚ ਦਿਲਚਸਪੀ ਨਹੀਂ ਰੱਖਦਾ। ਮੈਂ ਪਹਿਲਾਂ ਹੀ MP ਹਾਂ ਅਤੇ ਮੇਰੇ ਵੋਟਰਾਂ ਦਾ ਭਰੋਸਾ ਮੇਰੇ ਉੱਤੇ ਹੈ। ਸੰਸਦ ਵਿੱਚ ਉਨ੍ਹਾਂ ਦੇ ਹਿਤਾਂ ਦੀ ਸੰਭਾਲ ਕਰਨਾ ਮੇਰਾ ਕੰਮ ਹੈ।” ਪਿਛਲੇ ਹਫ਼ਤੇ ਥਰੂਰ ਨੇ ਕੇਰਲ ਚੋਣਾਂ ਲਈ ਪਾਰਟੀ ਦੀ ਮੁੱਖ ਸਿਆਸੀ ਬੈਠਕ ਛੱਡੀ ਸੀ। ਸੂਤਰਾਂ ਮੁਤਾਬਕ ਇਹ ਨਾਰਾਜ਼ਗੀ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਮੌਜੂਦਗੀ ਨੂੰ ਸਵੀਕਾਰ ਨਾ ਕਰਨ ਅਤੇ ਸੂਬਾਈ ਆਗੂਆਂ ਵੱਲੋਂ ਉਨ੍ਹਾਂ ਨੂੰ “ਸਾਈਡਲਾਈਨ” ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹੋਈ। ਥਰੂਰ ਦੇ ਕਰੀਬੀਆਂ ਮੁਤਾਬਕ, 19 ਜਨਵਰੀ ਨੂੰ ਕੋਚੀ ਵਿੱਚ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਮੰਚ ’ਤੇ ਮੌਜੂਦ ਕਈ ਸੀਨੀਅਰ ਆਗੂਆਂ ਦੇ ਨਾਮ ਲਏ, ਪਰ ਸ਼ਸ਼ੀ ਥਰੂਰ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਸੂਬਾਈ ਆਗੂਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਉਹ ਅਸਹਿਜ ਮਹਿਸੂਸ ਕਰ ਰਹੇ ਸਨ।

ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਟਕਰਾਅ ਅਤੇ ਕੂਟਨੀਤਕ ਪਹੁੰਚ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਦੀਆਂ ਟਿੱਪਣੀਆਂ ਕਾਂਗਰਸ ਦੇ ਸਟੈਂਡ ਤੋਂ ਵੱਖਰੀਆਂ ਸਨ ਅਤੇ ਕਈ ਪਾਰਟੀ ਨੇਤਾਵਾਂ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਦੇ ਇਰਾਦਿਆਂ ‘ਤੇ ਸਵਾਲ ਉਠਾਏ।

ਹਾਲਾਂਕਿ, ਥਰੂਰ ਨੇ ਕਿਹਾ ਹੈ ਕਿ ਵਿਦੇਸ਼ ਨੀਤੀ ‘ਤੇ ਸਟੈਂਡ ਵਿੱਚ ਕੋਈ ਅੰਤਰ ਨਹੀਂ ਹੈ ਅਤੇ ਦੋ-ਪੱਖੀ ਹੋਣਾ ਚਾਹੀਦਾ ਹੈ। ਖੜਗੇ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਪਾਰਟੀ ਰਣਨੀਤੀ ਨੂੰ ਸੁਧਾਰਨ ਲਈ ਕੇਰਲ ਦੇ ਨੇਤਾਵਾਂ ਨਾਲ ਇੱਥੇ ਪਾਰਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ।

Share: