ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਣ ਤੋਂ ਐਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲਣ ਦਾ ਦਾਅਵਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਹਲੂਣਾ ਦਿੱਤਾ ਹੈ। ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਸਿਟ) ਕਰ ਰਹੀ ਹੈ ਅਤੇ ਪੰਜਾਬ ਪੁਲੀਸ ਨੇ 328 ’ਚੋਂ 169 ਸਰੂਪਾਂ ਦੇ ਮਿਲਣ ਬਾਰੇ ਤੱਥ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਹਨ ਜਿਸ ਦਾ ਖੁਲਾਸਾ ਅੱਜ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ’ਚ ਮਾਘੀ ਕਾਨਫ਼ਰੰਸ ਦੌਰਾਨ ਕੀਤਾ ਹੈ।
ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਣ ਸਮੇਂ ਆਪਣੇ ਨਾਲ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਨਾਲ ਸਬੰਧਤ ਸਬੂਤਾਂ ਦੀ ਪੰਡ ਵੀ ਲਿਜਾ ਸਕਦੇ ਹਨ। ਮੁੱਖ ਮੰਤਰੀ ਵੱਲੋਂ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਨਾਲ ਜੁੜੇ ਮਾਮਲਿਆਂ ’ਚ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੇ ਮੁੱਖ ਮੰਤਰੀ ਜਨਤਕ ਤੌਰ ’ਤੇ ਚੁੱਪ ਵੀ ਰਹਿੰਦੇ ਹਨ ਤਾਂ ਵੀ ਸਬੂਤਾਂ ਜ਼ਰੀਏ ਉਹ ਆਪਣਾ ਸੁਨੇਹਾ ਬਿਨਾਂ ਕੁਝ ਕਹੇ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ।
ਲਾਪਤਾ ਹੋਏ ਸਰੂਪਾਂ ’ਚੋਂ 169 ਸਰੂਪ ਮਿਲਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਤੌਰ ’ਤੇ ਮਜ਼ਬੂਤੀ ਮਿਲੀ ਹੈ। ਹਾਲਾਂਕਿ ਮੁੱਖ ਮੰਤਰੀ ਨੂੰ ਦਸਵੰਧ ਅਤੇ ਗੋਲਕ ਬਾਰੇ ਕੀਤੀਆਂ ਟਿੱਪਣੀਆਂ ਦੇ ਮਾਮਲੇ ’ਤੇ ਸੱਦਿਆ ਗਿਆ ਹੈ ਪ੍ਰੰਤੂ ਸਰੂਪਾਂ ਦੇ ਮਿਲਣ ਨਾਲ ਮੁੱਖ ਮੰਤਰੀ ਨੂੰ ਆਪਣੀ ਗੱਲ ਡਟ ਕੇ ਆਖਣ ਦਾ ਆਧਾਰ ਵੀ ਮਿਲ ਗਿਆ ਹੈ। ਮੁੱਖ ਮੰਤਰੀ ਆਖ ਚੁੱਕੇ ਹਨ ਕਿ ਸਰੂਪਾਂ ਦਾ ਮਿਲਣਾ ਕੋਈ ਪ੍ਰਾਪਤੀ ਨਹੀਂ ਹੈ ਸਗੋਂ ਇਹ ਤਾਂ ਉਨ੍ਹਾਂ ਦਾ ਫ਼ਰਜ਼ ਸੀ। ਉਹ ਸਿਟ ਵੱਲੋਂ ਇਕੱਠੇ ਕੀਤੇ ਸਬੂਤਾਂ ਨੂੰ ਸਕੱਤਰੇਤ ’ਚ ਆਪਣੇ ਸਪੱਸ਼ਟੀਕਰਨ ਮੌਕੇ ਪੇਸ਼ ਕਰ ਸਕਦੇ ਹਨ। ਇਨ੍ਹਾਂ ’ਚ ਹੋਰ ਵੀ ਕਈ ਮਾਮਲਿਆਂ ਨਾਲ ਸਬੰਧਤ ਸਬੂਤ ਵੀ ਹੋ ਸਕਦੇ ਹਨ। ਸੂਤਰਾਂ ਮੁਤਾਬਕ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਮਗਰੋਂ ਪੁਲੀਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ ਜੋ ਸ਼੍ਰੋਮਣੀ ਕਮੇਟੀ ’ਚ ਕਥਿਤ ਧਾਂਦਲੀਆਂ ਵੱਲ ਉਂਗਲ ਕਰਦੇ ਹਨ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਲਾਪਤਾ ਸਰੂਪਾਂ ਦੇ ਮਾਮਲੇ ’ਚ ਕੇਸ ਦਰਜ ਹੋਣ ਅਤੇ ਵਿਸ਼ੇਸ਼ ਜਾਂਚ ਟੀਮ ਦੇ ਗਠਨ ਮਗਰੋਂ ਪੰਜਾਬ ਸਰਕਾਰ ਨੂੰ ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਣ ਦੀ ਚਿਤਾਵਨੀ ਦਿੱਤੀ ਸੀ। ਚਾਰਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ ਮਗਰੋਂ ਹੀ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਚ ਸੱਦਿਆ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਦੋਵੇਂ ਧਿਰਾਂ ਵੱਲੋਂ ਵੱਖੋ-ਵੱਖਰਾ ਸਿਆਸੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਸ਼ੇਸ਼ ਜਾਂਚ ਟੀਮ ਨੇ 328 ਸਰੂਪਾਂ ਦੀ ਜਾਂਚ ਅਤੇ ਉਨ੍ਹਾਂ ਨੂੰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਜ਼ਿਕਰ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਸਿਟ ਨੂੰ ਕੁਝ ਧਾਰਮਿਕ ਡੇਰਿਆਂ ਵਿੱਚ ਵੱਡੀ ਗਿਣਤੀ ਵਿੱਚ ਸਰੂਪ ਮੌਜੂਦ ਹੋਣ ਦੇ ਸੁਰਾਗ ਮਿਲੇ ਹਨ, ਜਿਨ੍ਹਾਂ ਵਿੱਚ ਬੰਗਾ ਤੋਂ ਇਲਾਵਾ ਬੱਛੋਆਣਾ (ਬੁਢਲਾਡਾ, ਮਾਨਸਾ) ਅਤੇ ਹੁਸਨਰ (ਗਿੱਦੜਬਾਹਾ, ਮੁਕਤਸਰ) ਸ਼ਾਮਲ ਹਨ।
ਬੰਗਾ ਵਿੱਚ ਮਿਲੇ 169 ਸਰੂਪਾਂ ਵਿੱਚੋਂ ਸਿਰਫ਼ 30 ਸਰੂਪ ਹੀ ਅਜਿਹੇ ਮਿਲੇ ਹਨ ਜਿਨ੍ਹਾਂ ਦਾ ਰਿਕਾਰਡ ਮਿਲਿਆ ਹੈ। ਬਹੁਤ ਸਾਰੇ ਡੇਰਿਆਂ ਨੂੰ ਸਮੂਹਿਕ ਪਾਠਾਂ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੱਡੀ ਗਿਣਤੀ ’ਚ ਲੋੜ ਹੁੰਦੀ ਹੈ। ਜਾਂਚ ਟੀਮ ਦੇ ਅਧਿਕਾਰੀ ਆਖਦੇ ਹਨ ਕਿ ਡੇਰਿਆਂ ਨੂੰ ਸਰੂਪ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਾਲਿਆਂ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾਵੇਗੀ।

