ਸ੍ਰੀਨਗਰ: ਕਸ਼ਮੀਰ ਵਿੱਚ ਸੋਮਵਾਰ ਨੂੰ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ ਹੈ ਕਿਉਂਕਿ ਵਾਦੀ ਵਿੱਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਵਧ ਗਿਆ ਹੈ। ਸ੍ਰੀਨਗਰ ਵਿਚ ਐਤਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੀ ਰਾਤ ਮਨਫ਼ੀ 4.7 ਡਿਗਰੀ ਸੈਲਸੀਅਸ ਸੀ। ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਸੋਨਮਰਗ ਦੇ ਸੈਲਾਨੀ ਰਿਜ਼ੌਰਟ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਇਹ ਵਾਦੀ ਦਾ ਸਭ ਤੋਂ ਠੰਢਾ ਸਥਾਨ ਸੀ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਕਸਬਿਆਂ ਵਿੱਚ ਕ੍ਰਮਵਾਰ ਮਨਫ਼ੀ 4.7 ਡਿਗਰੀ ਅਤੇ ਮਨਫ਼ੀ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਵਿੱਚ ਪਹਿਲਗਾਮ ਟੂਰਿਸਟ ਰਿਜ਼ੌਰਟ, ਜੋ ਕਿ ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪਾਂ ਵਿੱਚੋਂ ਇੱਕ ਵਜੋਂ ਕੰਮ ਕਰਦਾ ਹੈ, ਵਿੱਚ ਘੱਟੋ-ਘੱਟ ਤਾਪਮਾਨ ਮਨਫੀ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਪ੍ਰਸਿੱਧ ਸਕੀ ਰਿਜ਼ੋਰਟ ਗੁਲਮਰਗ ਵਿੱਚ ਰਾਤ ਦਾ ਤਾਪਮਾਨ ਮਨਫੀ 3.5 ਡਿਗਰੀ ਸੈਲਸੀਅਸ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਦਾਖਲਾ ਦੁਆਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.4 ਡਿਗਰੀ ਸੈਲਸੀਅਸ ਅਤੇ ਕੁਪਵਾੜਾ ਵਿੱਚ ਮਨਫ਼ੀ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਸ਼ਮੀਰ ਘਾਟੀ ਇਸ ਸਮੇਂ ‘ਚਿੱਲੇ ਕਲਾਂ’ ਵਿਚਕਾਰ ਹੈ, 40 ਦਿਨਾਂ ਦੀ ਅਤਿ ਠੰਢ, ਜਿਸ ਦੌਰਾਨ ਰਾਤ ਦਾ ਤਾਪਮਾਨ ਅਕਸਰ ਜਮਾਊ ਦਰਜੇ ਤੋਂ ਕਈ ਡਿਗਰੀ ਹੇਠਾਂ ਡਿੱਗ ਜਾਂਦਾ ਹੈ, ਅਤੇ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ‘ਚਿੱਲੇ ਕਲਾਂ’ ਜੋ ਪਿਛਲੇ ਸਾਲ 21 ਦਸੰਬਰ ਨੂੰ ਸ਼ੁਰੂ ਹੋਇਆ ਸੀ, 30 ਜਨਵਰੀ ਨੂੰ ਖਤਮ ਹੁੰਦਾ ਹੈ।
Posted inJammu Kashmir
ਕਸ਼ਮੀਰ ਵਿਚ ਠੰਢ ਤੋਂ ਹਲਕੀ ਰਾਹਤ, ਘੱਟੋ ਘੱਟ ਤਾਪਮਾਨ ਦੋ ਦਰਜੇ ਵਧਿਆ

