ਮੁਹਾਲੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ; ਪੰਜਾਬ ਵਿਚ ਠੰਢ ਦਾ ਰੈੱਡ ਅਲਰਟ

ਮੁਹਾਲੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ; ਪੰਜਾਬ ਵਿਚ ਠੰਢ ਦਾ ਰੈੱਡ ਅਲਰਟ

ਚੰਡੀਗੜ੍ਹ: ਮੁਹਾਲੀ ਤੇ ਲਾਗਲੇ ਪਿੰਡਾਂ ਵਿਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਪਈ। ਇਸ ਦੌਰਾਨ ਚੰਡੀਗੜ੍ਹ ਤੇ ਮੁਹਾਲੀ ਦੀ ਹੱਦ ’ਤੇ ਪੈਂਦੇ ਸੈਕਟਰ ਸੰਘਣੀ ਧੁੰਦ ਦੀ ਮਾਰ ਹੇਠ ਆਏ। ਇਸ ਦੌਰਾਨ ਦਿਸਣ ਹੱਦ ਪੰਜਾਹ ਮੀਟਰ ਦੇ ਕਰੀਬ ਹੀ ਰਹੀ। ਸਵੇਰ ਵੇਲੇ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੈਕਟਰ-50 ਤੇ 49 ਤੇ ਗਊਸ਼ਾਲਾ ਤੋਂ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ ਨੂੰ ਜਾਂਦੀ ਸੜਕ ਦੇ ਆਲੇ ਦੁਆਲੇ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ। ਚੰਡੀਗੜ੍ਹ ਵਿਚ ਭਾਵੇਂ ਧੁੰਦ ਪਈ ਪਰ ਇਹ ਸੰਘਣੀ ਨਹੀਂ ਸੀ। ਮੁਹਾਲੀ ਵਿਚ ਸਵੇਰ ਪੰਜ ਵਜੇ ਧੁੰਦ ਨਹੀਂ ਸੀ ਪਰ ਸੱਤ ਵਜੇ ਤੋਂ ਬਾਅਦ ਧੁੰਦ ਸੰਘਣੀ ਹੋ ਗਈ। ਉਤਰੀ ਖਿੱਤੇ ਵਿਚ ਇਸ ਵੇਲੇ ਹੱਡ ਚੀਰਵੀਂ ਠੰਢ ਸ਼ੁਰੂ ਹੋ ਗਈ ਹੈ। ਸੈਕਟਰ-45 ਦੇ ਮਜ਼ਦੂਰਾਂ ਦੇ ਖੜ੍ਹਨ ਵਾਲੀ ਥਾਂ ’ਤੇ ਟਾਵੇਂ ਟਾਵੇਂ ਲੋਕ ਦੇਖਣ ਨੂੰ ਮਿਲੇ ਜਦਕਿ ਆਮ ਦਿਨਾਂ ਵਿਚ ਇੱਥੇ ਸੱਤ ਵਜੇ ਤੋਂ ਹੀ ਮਜ਼ਦੂਰਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ।

ਮੁਹਾਲੀ ਦੇ ਸੈਕਟਰ-79 ਵਿੱਚ ਅੱਜ ਸਵੇਰ ਸਾਢੇ ਨੌਂ ਵਜੇ ਤਕ ਸੰਘਣੀ ਧੁੰਦ ਸੀ। ਇਸ ਤੋਂ ਬਾਅਦ ਚੰਡੀਗੜ੍ਹ ਵਿਚ ਧੁੱਪ ਨਿਕਲ ਆਈ ਤੇ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ। ਪੰਜਾਬ ਦੇ ਕਈ ਖੇਤਰਾਂ ਵਿਚ ਸਵੇਰ ਵੇਲੇ ਸੰਘਣੀ ਧੁੰਦ ਪਈ। ਇਸ ਤੋਂ ਇਲਾਵਾ ਦਿੱਲੀ ਤੇ ਹਰਿਆਣਾ ਵਿਚ ਵੀ ਸੰਘਣੀ ਧੁੰਦ ਪੈਣ ਦੀਆਂ ਖਬਰਾਂ ਹਨ। ਦਿੱਲੀ ਦੇ ਹਵਾਈ ਅੱਡੇ ਵਿਚ ਕਈ ਉਡਾਣਾਂ ਦੇਰੀ ਨਾਲ ਚੱਲਣ ਦੀਆਂ ਵੀ ਖਬਰਾਂ ਹਨ। ਪੰਜਾਬ ਵਿਚ ਅੱਜ ਲੋਹੜੀ ਮੌਕੇ ਠੰਢ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੀਜ਼ਨ ਵਿਚ ਪਹਿਲੀ ਵਾਰ ਮੌਸਮ ਵਿਭਾਗ ਨੇ ਅਜਿਹਾ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ 15 ਜਨਵਰੀ ਤਕ ਸੀਤ ਲਹਿਰ ਤੋਂ ਰਾਹਤ ਨਹੀਂ ਮਿਲੇਗੀ। ਠੰਢ ਕਾਰਨ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਪੁੱਜ ਗਿਆ ਹੈ ਜੋ ਸ਼ਿਮਲਾ ਨਾਲੋਂ ਵੀ ਠੰਢਾ ਹੈ। ਇਸ ਠੰਢ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਠੰਢ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ 17 ਤੇ 18 ਜਨਵਰੀ ਨੂੰ ਕਈ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੰਡੀਗੜ੍ਹ ਦੇ ਸਕੂਲਾਂ ਵਿਚ ਅੱਜ ਛੁੱਟੀਆਂ ਵਧਾਉਣ ਦੇ ਹੁਕਮ ਜਾਰੀ ਹੋ ਸਕਦੇ ਹਨ।

ਪੰਜਾਬ ਤੇ ਹਰਿਆਣਾ ਵਿੱਚ ਬੀਤੇ ਦਿਨੀਂ ਕੜਾਕੇ ਦੀ ਠੰਢ ਜਾਰੀ ਰਹੀ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਧੁੰਦ ਪੈਣ ਕਰ ਕੇ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸੀਤ ਲਹਿਰ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਗਲੇ ਦਿਨਾਂ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਰਹੇਗਾ।

Share: