ਨਵੀਂ ਦਿੱਲੀ: ਇੱਥੋਂ ਦੀ ਅਦਾਲਤ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਕਾਰਕੁਨ ਮੇਧਾ ਪਾਟਕਰ ਵੱਲੋਂ ਦਾਇਰ 25 ਸਾਲ ਪੁਰਾਣੇ ਮਾਣਹਾਨੀ ਕੇਸ ’ਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਆਪਣੇ ਦੋਸ਼ ਸਾਬਤ ਕਰਨ ’ਚ ਨਾਕਾਮ ਰਹੀ ਹੈ। ਇਹ ਫ਼ੈਸਲਾ ਜੁਡੀਸ਼ਲ ਮੈਜਿਸਟਰੇਟ ਪਹਿਲਾ ਦਰਜਾ ਰਾਘਵ ਸ਼ਰਮਾ ਨੇ ਸੁਣਾਇਆ। ਮਾਰਚ 2025 ’ਚ ਅਦਾਲਤ ਨੇ ਕੇਸ ’ਚ ਵਧੇਰੇ ਗਵਾਹਾਂ ਦੀ ਜਾਂਚ ਸਬੰਧੀ ਸ੍ਰੀਮਤੀ ਪਾਟਕਰ ਦੀ ਅਰਜ਼ੀ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਸੀ ਕਿ ਇਹ ‘ਜ਼ਰੂਰਤ ਦੀ ਥਾਂ ਮੁਕੱਦਮੇ ’ਚ ਦੇਰੀ ਕਰਨ ਲਈ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼’ ਹੈ। ਸ੍ਰੀਮਤੀ ਪਾਟਕਰ ਅਤੇ ਸ੍ਰੀ ਸਕਸੈਨਾ ਦਰਮਿਆਨ ਸਾਲ 2000 ਤੋਂ ਕਾਨੂੰਨੀ ਵਿਵਾਦ ਚੱਲ ਰਿਹਾ ਸੀ, ਜਦੋਂ ਸ੍ਰੀਮਤੀ ਪਾਟਕਰ ਨੇ ਉਨ੍ਹਾਂ ਦੇ ਅਤੇ ਨਰਮਦਾ ਬਚਾਓ ਅੰਦੋਲਨ ਖ਼ਿਲਾਫ਼ ਇਸ਼ਤਿਹਾਰ ਪ੍ਰਕਾਸ਼ਤ ਕਰਨ ਲਈ ਸ੍ਰੀ ਸਕਸੈਨਾ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਉਸ ਸਮੇਂ ਅਹਿਮਦਾਬਾਦ ਸਥਿਤ ਕੌਂਸਲ ਫਾਰ ਸਿਵਲ ਲਿਬਰਟੀਜ਼ ਨਾਂ ਦੀ ਗ਼ੈਰ ਸਰਕਾਰੀ ਜਥੇਬੰਦੀ ਦੇ ਮੁਖੀ ਰਹੇ ਸ੍ਰੀ ਸਕਸੈਨਾ ਨੇ 2001 ’ਚ ਸ੍ਰੀਮਤੀ ਪਾਟਕਰ ਖ਼ਿਲਾਫ਼ ਟੀ ਵੀ ਚੈਨਲ ’ਤੇ ਉਨ੍ਹਾਂ ਖ਼ਿਲਾਫ਼ ਇਤਰਾਜ਼ ਭਰੀਆਂ ਟਿੱਪਣੀਆਂ ਕਰਨ ਅਤੇ ਮਾਣਹਾਨੀ ਭਰੇ ਪ੍ਰੈੱਸ ਬਿਆਨ ਜਾਰੀ ਕਰਨ ਲਈ ਦੋ ਕੇਸ ਵੀ ਦਾਇਰ ਕੀਤੇ ਸਨ।
Posted inNew Delhi
ਸਕਸੈਨਾ ਮਾਣਹਾਨੀ ਕੇਸ ’ਚੋਂ ਬਰੀ

