ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਹੋਵੇਗੀ। ਇਹ ਚੋਣ ਬੈਲੇਟ ਪੇਪਰ ਦੀ ਥਾਂ ਹੱਥ ਖੜ੍ਹੇ ਕਰਵਾ ਕੇ ਕਰਵਾਈ ਗਈ।
ਕਾਂਗਰਸ ਨੂੰ ਸੱਤ ਵੋਟਾਂ ਤੇ ਆਪ ਨੂੰ 11 ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 18 ਵੋਟਾਂ ਮਿਲੀਆਂ ਤੇ ਮੇਅਰ ਬਣਨ ਤੋਂ ਬਾਅਦ ਸੌਰਭ ਜੋਸ਼ੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸੌਰਭ ਜੋਸ਼ੀ ਦੇ ਹੱਕ ਵਿਚ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਸਮਰਥਨ ਦਿੱਤਾ। ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਦੇ ਹੱਕ ਵਿਚ ਸੰਸਦ ਮੈਂਬਰ ਸਣੇ 7 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਦੇ ਹੱਕ ਵਿਚ 11 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਦੂਜੇ ਪਾਸੇ ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਗਾਬੀ ਤੇ ਆਮ ਆਦਮੀ ਪਾਰਟੀ ਤੋਂ ਯੋਗੇਸ਼ ਢੀਂਗਰਾ ਤੇ ਰਾਮ ਚੰਦਰ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਲਈ ਕਾਗਜ਼ ਦਾਖਲ ਕੀਤੇ ਹਨ।
ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ ਦੇ ਬਾਹਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਨਗਰ ਨਿਗਮ ਦਾ ਦਫਤਰ ਇਸ ਵੇਲੇ ਪੁਲੀਸ ਛਾਉਣੀ ਬਣ ਗਿਆ ਹੈ। ਨਿਗਮ ਦਫਤਰ ਦੇ ਸਾਰੇ ਰਸਤੇ ਪੁਲੀਸ ਨੇ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਹਨ।
ਭਾਜਪਾ ਵੱਲੋਂ ਮੇਅਰ ਦੇ ਉਮੀਦਵਾਰ ਸੌਰਭ ਜੋਸ਼ੀ ਸਮੇਤ ਸਾਰੇ ਭਾਜਪਾ ਕੌਂਸਲਰ ਇਕੱਠੇ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ ਸਾਡੇ ਦਸ ਵਜੇ ਤੋਂ ਬਾਅਦ ਅੰਦਰ ਦਾਖਲ ਹੋਏ। ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਵੱਲੋਂ ਜਸਮਨਪ੍ਰੀਤ ਸਿੰਘ, ‘ਆਪ’ ਵੱਲੋਂ ਮੁਨੱਵਰ ਖਾਨ ਅਤੇ ਕਾਂਗਰਸ ਵੱਲੋਂ ਸਚਿਨ ਗਾਲਵ ਚੋਣ ਮੈਦਾਨ ਵਿੱਚ ਹਨ। ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਸੁਮਨ, ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਕੌਰ, ਜਦਕਿ ਕਾਂਗਰਸ ਵੱਲੋਂ ਨਿਰਮਲਾ ਦੇਵੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹੋਏ ਹਨ।

