ਕੋਚੀ/ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ਬਰੀਮਾਲਾ ਵਿਚ ਸੋਨੇ ਦੀ ਚੋਰੀ ਮਾਮਲੇ ਵਿੱਚ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਮੰਗਲਵਾਰ ਨੂੰ ਤਿੰਨ ਰਾਜਾਂ ਵਿੱਚ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਕਰੀਬ 21 ਥਾਵਾਂ ’ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਛਾਪੇ ਮਾਰੇ ਗਏ ਹਨ।
ਮੰਨਿਆ ਜਾਂਦਾ ਹੈ ਕਿ ਮੁੱਖ ਮੁਲਜ਼ਮ ਉਨੀਕ੍ਰਿਸ਼ਨਨ ਪੋਟੀ ਦੇ ਬੰਗਲੁਰੂ ਅਤੇ ਤ੍ਰਾਵਣਕੋਰ ਦੇਵਾਸਮ ਬੋਰਡ (ਟੀਡੀਬੀ) ਦੇ ਸਾਬਕਾ ਪ੍ਰਧਾਨ ਏ. ਪਦਮਕੁਮਾਰ ਨਾਲ ਜੁੜੇ ਟਿਕਾਣਿਆਂ ਵਿਚ ਛਾਪੇ ਮਾਰੇ ਗਏ ਹਨ। ਈਡੀ ਨੇ ਹਾਲ ਹੀ ਵਿੱਚ ਕੇਰਲ ਪੁਲੀਸ ਦੀ ਇੱਕ ਐਫਆਈਆਰ ਦਾ ਨੋਟਿਸ ਲੈਂਦੇ ਹੋਏ ਇੱਕ ਪੀਐਮਐਲਏ ਕੇਸ ਦਰਜ ਕੀਤਾ ਸੀ। ਰਾਜਨੀਤਕ ਤੌਰ ’ਤੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਪਹਿਲਾਂ ਹੀ ਕੇਰਲ ਹਾਈ ਕੋਰਟ ਦੀ ਨਿਗਰਾਨੀ ਹੇਠ ਰਾਜ ਦੀ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਕੀਤੀ ਜਾ ਰਹੀ ਹੈ। ਇਹ ਜਾਂਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਨਾਲ ਸਬੰਧਤ ਹੈ, ਜਿਸ ਵਿੱਚ ਸਰਕਾਰੀ ਦੁਰਵਿਵਹਾਰ, ਪ੍ਰਸ਼ਾਸਨਿਕ ਖਾਮੀਆਂ ਅਤੇ ਭਗਵਾਨ ਅਯੱਪਾ ਮੰਦਰ ਦੀਆਂ ਵੱਖ-ਵੱਖ ਕਲਾਕ੍ਰਿਤੀਆਂ ਤੋਂ ਸੋਨੇ ਦੀ ਦੁਰਵਰਤੋਂ ਕਰਨ ਦੀ ਅਪਰਾਧਿਕ ਸਾਜ਼ਿਸ਼ ਸ਼ਾਮਲ ਹੈ। ਐਸਆਈਟੀ ਦੀ ਜਾਂਚ ‘ਦੁਆਰਪਾਲਕਾ’ (ਰੱਖਿਅਕ ਦੇਵਤਾ) ਦੀਆਂ ਮੂਰਤੀਆਂ ਦੀਆਂ ਸੋਨੇ ਨਾਲ ਜੜੀਆਂ ਤਾਂਬੇ ਦੀਆਂ ਪਲੇਟਾਂ ਅਤੇ ਮੰਦਰ ਦੇ ‘ਸ਼੍ਰੀਕੋਵਿਲ’ (ਪਵਿੱਤਰ ਗ੍ਰਹਿ) ਦੇ ਦਰਵਾਜ਼ਿਆਂ ਦੇ ਫਰੇਮਾਂ ਤੋਂ ਸੋਨੇ ਦੀ ਚੋਰੀ ਨਾਲ ਸਬੰਧਤ ਹੈ।

