ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ ਬੀ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰਦੇ ਹੋਏ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਸੰਸਕਰਣ ਦੇ ਉੱਤਰ ਮਨਜ਼ੂਰ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਨਿੱਜੀ ਸਹਾਇਕ, ਸੀਨੀਅਰ ਸਹਾਇਕ, ਨਾਇਬ ਤਹਿਸੀਲਦਾਰ, ਜ਼ਿਲ੍ਹਾ ਖਜ਼ਾਨਚੀ, ਸੀਨੀਅਰ ਸਹਾਇਕ ਕਮ ਇੰਸਪੈਕਟਰ ਤੇ ਖਜ਼ਾਨਾ ਅਫਸਰ ਦੀਆਂ ਅਸਾਮੀਆਂ ਲਈ 21 ਦਸੰਬਰ ਨੂੰ ਹੋਈ ਇਸ ਪ੍ਰੀਖਿਆ ਦੇ ਕੁਝ ਸਵਾਲਾਂ ਵਿੱਚ ਅੰਗਰੇਜ਼ੀ ਤੇ ਪੰਜਾਬੀ ਸੰਸਕਰਣ ਵਿੱਚ ਫਰਕ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਦੇ ਨਾਲ ਹੀ ਕਿਸੇ ਸਵਾਲ ਵਿੱਚ ਵਿਵਾਦ ਹੋਣ ‘ਤੇ ਅੰਗਰੇਜ਼ੀ ਸੰਸਕਰਣ ਨੂੰ ਸਹੀ ਮੰਨੇ ਜਾਣ ਦੀ ਹਦਾਇਤ ਦਾ ਵੀ ਵਿਰੋਧ ਕੀਤਾ ਗਿਆ ਸੀ। ਉਮੀਦਵਾਰਾਂ ਨੂੰ ਡਰ ਸੀ ਕਿ ਇਸ ਨਾਲ ਪੰਜਾਬੀ ਵਿਚ ਸਵਾਲ ਪੜ੍ਹ ਕੇ ਜਵਾਬ ਲਿਖਣ ਵਾਲਿਆਂ ਨੂੰ ਨੁਕਸਾਨ ਹੋਵੇਗਾ ਤੇ ਉਨ੍ਹਾਂ ਵੱਲੋਂ ਆਪਣੇ ਇਤਰਾਜ਼ ਉਠਾਏ ਗਏ।
ਹੁਣ ਚੋਣ ਬੋਰਡ ਵੱਲੋਂ 21 ਦਸੰਬਰ ਨੂੰ ਕਰਵਾਈ ਇਸ ਪ੍ਰੀਖਿਆ ਦੀ ਫਾਈਨਲ ਉੱਤਰ ਕੂੰਜੀ ਜਾਰੀ ਕਰਦੇ ਹੋਏ ਨਤੀਜੇ ਐਲਾਨੇ ਗਏ ਹਨ। ਫਾਈਨਲ ਉੱਤਰ ਕੂੰਜੀ ਵਿੱਚ ਵਿਵਾਦਿਤ ਸਵਾਲਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਸੰਸਕਰਣ ਮੁਤਾਬਕ ਦੋ ਸਹੀ ਉੱਤਰਾਂ ਨੂੰ ਮਾਨਤਾ ਦਿੱਤੀ ਗਈ ਹੈ ਜਦੋਂ ਕਿ ਆਰਜ਼ੀ ਉੱਤਰ ਕੂੰਜੀ ਕੇਵਲ ਅੰਗਰੇਜ਼ੀ ਸੰਸਕਰਣ ਮੁਤਾਬਕ ਜਾਰੀ ਕੀਤੀ ਗਈ ਸੀ। ਇੱਕ ਸ਼ਿਕਾਇਤਕਰਤਾ ਅਧਿਆਪਕ ਅੰਤਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੋਰਡ ਵੱਲੋਂ ਜਾਰੀ ਫਾਈਨਲ ਉੱਤਰ ਕੂੰਜੀ ਤੋਂ ਸੰਤੁਸ਼ਟ ਹਨ ਕਿਉਕਿ ਹੁਣ ਪੰਜਾਬੀ ਪੜ੍ਹਨ ਵਾਲੇ ਨੂੰ ਨੁਕਸਾਨ ਨਹੀਂ ਝੱਲਣਾ ਪਿਆ।