ਰਾਜਸਥਾਨ: ਸੰਘਣੀ ਧੁੰਦ ਕਰਕੇ ਕਾਰ ਤੇ ਬੱਸ ਦੀ ਟੱਕਰ, ਤਿੰਨ ਮਹਿਲਾਵਾਂ ਸਣੇ ਪੰਜ ਜ਼ਖ਼ਮੀ

ਰਾਜਸਥਾਨ: ਸੰਘਣੀ ਧੁੰਦ ਕਰਕੇ ਕਾਰ ਤੇ ਬੱਸ ਦੀ ਟੱਕਰ, ਤਿੰਨ ਮਹਿਲਾਵਾਂ ਸਣੇ ਪੰਜ ਜ਼ਖ਼ਮੀ

ਅਬੋਹਰ: ਇਥੇ ਕੌਮੀ ਸ਼ਾਹਰਾਹ 62 ’ਤੇ ਅੱਜ ਸਵੇਰੇ ਸੰਘਣੀ ਧੁੰਦ ਕਰ ਕੇ ਨਿੱਜੀ ਬੱਸ ਤੇ ਕਾਰ ਦੀ ਟੱਕਰ ਵਿਚ ਤਰਨ ਤਾਰਨ ਨਾਲ ਸਬੰਧਤ ਪੰਜ ਜਣੇ ਜ਼ਖਮੀ ਹੋ ਗਏ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦੋਂਕਿ ਤਿੰਨ ਮਹਿਲਾਵਾਂ ਸਣੇ ਪੰਜ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਸਥਾਨਕ ਸਮਾਜਿਕ ਸੰਗਠਨ ਟਾਈਗਰ ਫੋਰਸ ਦੇ ਮੈਂਬਰਾਂ ਨੇ ਆਪਣੀਆਂ ਐਂਬੂਲੈਂਸਾਂ ਅਤੇ ਹੋਰ ਵਾਹਨਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਮਗਰੋਂ ਉਨ੍ਹਾਂ ਨੂੰ ਬੀਕਾਨੇਰ ਦੇ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਪੁਲੀਸ ਮੁਤਾਬਕ ਕਾਰ ਸਵਾਰ ਸਾਰੇ ਪੀੜਤ ਪੋਕਰਨ ਇਲਾਕੇ ਦੇ ਨੇੜੇ ਰਾਮਦੇਵਰਾ ਮੰਦਰ ਦੇ ਦਰਸ਼ਨ ਕਰਕੇ ਘਰ ਪਰਤ ਰਹੇ ਸਨ। ਜ਼ਖਮੀਆਂ ਦੀ ਪਛਾਣ ਗੰਗਾ ਰਾਮ (65), ਉਸ ਦੀ ਪਤਨੀ ਮਨਜੀਤ (60), ਮਹਿੰਦਰ ਪਾਲ (50), ਉਸ ਦੀ ਪਤਨੀ ਊਸ਼ਾ (45) ਅਤੇ ਤੁਲਸਾ ਦੇਵੀ (65) ਵਜੋਂ ਹੋਈ ਹੈ। ਇਹ ਸਾਰੇ ਤਰਨ ਤਾਰਨ ਜ਼ਿਲ੍ਹੇ ਦੇ ਅਮਰਕੋਟ ਕਸਬੇ ਦੇ ਰਹਿਣ ਵਾਲੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚ ਗਈ। ਮੁੱਢਲੀ ਜਾਂਚ ਮੁਤਾਬਕ ਇਲਾਕੇ ਵਿੱਚ ਸਵੇਰੇ ਸੰਘਣੀ ਧੁੰਦ ਪਈ ਹੋਈ ਸੀ, ਜਿਸ ਕਾਰਨ ਸੜਕ ’ਤੇ ਦਿਸਣ ਹੱਦ ਕਾਫ਼ੀ ਘੱਟ ਗਈ। ਇਸ ਕਾਰਨ ਦੋਵਾਂ ਵਾਹਨਾਂ ਦੇ ਡਰਾਈਵਰ ਇੱਕ ਦੂਜੇ ਨੂੰ ਨਹੀਂ ਦੇਖ ਸਕੇ, ਜਿਸ ਕਾਰਨ ਟੱਕਰ ਹੋ ਗਈ। ਹਾਦਸੇ ਮਗਰੋਂ ਪੁਲੀਸ ਨੇ ਨੁਕਸਾਨੇ ਗਏ ਦੋਵਾਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Share: