ਗਾਜ਼ਾ ਨੂੰ ਸੈਰਗਾਹ ਬਣਾਉਣ ’ਤੇ ਫ਼ਲਸਤੀਨ ਨੂੰ ਇਤਰਾਜ਼ ਨਹੀਂ

ਗਾਜ਼ਾ ਨੂੰ ਸੈਰਗਾਹ ਬਣਾਉਣ ’ਤੇ ਫ਼ਲਸਤੀਨ ਨੂੰ ਇਤਰਾਜ਼ ਨਹੀਂ

ਨਵੀਂ ਦਿੱਲੀ: ਫ਼ਲਸਤੀਨ ਦੀ ਵਿਦੇਸ਼ ਰਾਜ ਮੰਤਰੀ ਵਾਰਸੇਨ ਆਗਾਬੇਕਿਅਨ ਸ਼ਾਹੀਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਾਜ਼ਾ ਨੂੰ ਸੈਰਗਾਹ ਵਜੋਂ ਵਿਕਸਿਤ ਕਰਨ ਦੇ ਵਿਚਾਰ ’ਤੇ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਇਹ ਸਿਰਫ਼ ਫਲਸਤੀਨੀਆਂ ਦੀ ਭਲਾਈ ਲਈ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਇਹ ਯੋਜਨਾ ਫ਼ਲਸਤੀਨੀਆਂ ਦੀ ਕੀਮਤ ’ਤੇ ਦੂਜਿਆਂ ਦੇ ਮਨੋਰੰਜਨ ਲਈ ਹੈ, ਤਾਂ ਇਹ ਮਨਜ਼ੂਰ ਨਹੀਂ ਹੋਵੇਗੀ।

ਭਾਰਤ ਦੌਰੇ ’ਤੇ ਆਈ ਸ਼ਾਹੀਨ ਨੇ ਕਿਹਾ ਕਿ ਜੇ ਭਾਰਤ ਟਰੰਪ ਦੇ ਪ੍ਰਸਤਾਵਿਤ ਸ਼ਾਂਤੀ ਬੋਰਡ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਹ ਮਦਦਗਾਰ ਸਾਬਤ ਹੋ ਸਕਦਾ ਹੈ। ਗਾਜ਼ਾ ਦਾ ਪੁਨਰ ਨਿਰਮਾਣ ਫਲਸਤੀਨੀਆਂ ਦੇ ਸਿਆਸੀ ਅਧਿਕਾਰਾਂ ਅਤੇ ਆਜ਼ਾਦੀ ਨਾਲ ਜੁੜਿਆ ਹੋਣਾ ਚਾਹੀਦਾ ਹੈ। ਉਨ੍ਹਾਂ ਮੰਨਿਆ ਕਿ ਗਾਜ਼ਾ ਵਿੱਚ ਹਾਲੇ ਵੀ ਸਥਿਤੀ ਨਾਜ਼ੁਕ ਹੈ ਅਤੇ ਸਥਾਈ ਜੰਗਬੰਦੀ ਤੋਂ ਬਿਨਾਂ ਪੁਨਰ ਨਿਰਮਾਣ ਸੰਭਵ ਨਹੀਂ ਹੈ। ਉਨ੍ਹਾਂ ਹਮਾਸ ਨੂੰ ਵੀ ਸ਼ਾਂਤੀ ਸਮਝੌਤੇ ਤਹਿਤ ਹਥਿਆਰ ਸੁੱਟਣ ਦੀ ਸਲਾਹ ਦਿੱਤੀ।

ਇਜ਼ਰਾਈਲ ਵੱਲੋਂ ਰਾਫਾ ਲਾਂਘਾ ਖੋਲ੍ਹਣ ਦਾ ਐਲਾਨ

ਯੇਰੂਸ਼ਲਮ: ਇਜ਼ਰਾਈਲ ਨੇ ਗਾਜ਼ਾ ਅਤੇ ਮਿਸਰ ਵਿਚਾਲੇ ਰਾਫਾ ਲਾਂਘਾ ਐਤਵਾਰ ਤੋਂ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗਾਜ਼ਾ ਜੰਗਬੰਦੀ ਯੋਜਨਾ ਅੱਗੇ ਵਧਾਉਣ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਫਿਲਹਾਲ ਇਹ ਲਾਂਘਾ ਸਿਰਫ਼ ਸੀਮਤ ਲੋਕਾਂ ਦੀ ਆਵਾਜਾਈ ਲਈ ਹੀ ਖੁੱਲ੍ਹੇਗਾ। ਇਜ਼ਰਾਇਲੀ ਅਧਿਕਾਰੀ ਮੁਤਾਬਕ ਸ਼ੁਰੂਆਤ ਵਿੱਚ ਰੋਜ਼ਾਨਾ 50 ਮਰੀਜ਼ਾਂ ਨੂੰ ਬਾਹਰ ਜਾਣ ਅਤੇ 50 ਫਲਸਤੀਨੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਹੋਵੇਗੀ। ਇਸ ਪ੍ਰਕਿਰਿਆ ਦੀ ਨਿਗਰਾਨੀ ਯੂਰੋਪੀਅਨ ਯੂਨੀਅਨ ਦੇ ਬਾਰਡਰ ਪੈਟਰੋਲ ਏਜੰਟ ਕਰਨਗੇ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਮਈ 2024 ਵਿੱਚ ਹਮਾਸ ਦੀ ਹਥਿਆਰਾਂ ਦੀ ਤਸਕਰੀ ਰੋਕਣ ਲਈ ਇਸ ਲਾਂਘੇ ’ਤੇ ਕਬਜ਼ਾ ਕਰ ਲਿਆ ਸੀ। ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਉੱਥੇ 20 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ।

Share: