ਨਬੀਨ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਨਬੀਨ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਨਵੀਂ ਦਿੱਲੀ: ਨਿਤਿਨ ਨਬੀਨ ਨੂੰ ਅੱਜ ਰਸਮੀ ਤੌਰ ’ਤੇ ਭਾਜਪਾ ਦਾ 12ਵਾਂ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਆਗੂ ਜੇ ਪੀ ਨੱਢਾ ਦੀ ਥਾਂ ਲਈ ਹੈ ਅਤੇ ਪਾਰਟੀ ਲਈ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਕਿਉਂਕਿ ਪਾਰਟੀ ਕੌਮੀ ਰਾਜਨੀਤੀ ’ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਰਿਟਰਨਿੰਗ ਅਫ਼ਸਰ ਕੇ ਲਕਸ਼ਮਣ ਨੇ ਜਥੇਬੰਦਕ ਚੋਣ ਦੇ ਨਤੀਜੇ ਐਲਾਨੇ ਤੇ 45 ਸਾਲਾ ਨਬੀਨ ਨੂੰ ਚੋਣ ਸਰਟੀਫਿਕੇਟ ਸੌਂਪਿਆ। ਉਹ ਪਾਰਟੀ ਦੇ ਇਸ ਅਹੁਦੇ ’ਤੇ ਬੈਠਣ ਵਾਲੇ ਹੁਣ ਤੱਕ ਦੇ ਸਭ ਤੋਂ ਨੌਜਵਾਨ ਪ੍ਰਧਾਨ ਹਨ। ਭਾਜਪਾ ਦੇ ਪਾਰਟੀ ਹੈੱਡਕੁਆਰਟਰ ’ਚ ਸ੍ਰੀ ਨਬੀਨ ਦੇ ਅਹੁਦਾ ਸੰਭਾਲਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਤੇ ਹੋਰ ਆਗੂ ਹਾਜ਼ਰ ਸਨ। ਅਹੁਦਾ ਸੰਭਾਲਣ ਮਗਰੋਂ ਸ੍ਰੀ ਨਬੀਨ ਨੇ ਲੋਕਾਂ ਤੇ ਖਾਸ ਤੌਰ ’ਤੇ ਨੌਜਵਾਨਾਂ ਨੂੰ ਰਾਜਨੀਤੀ ’ਚ ਆਉਣ ਦੀ ਅਪੀਲ ਕੀਤੀ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕੀਤਾ ਜਾ ਸਕੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਬਦਲੇ ਬਣਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਕੇਂਦਰ ਸਰਕਾਰ ਨੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਸਿਖਰਲੇ ਵਰਗ ਦੀ ਵੀ ਆਈ ਪੀ ਸੁਰੱਖਿਆ ਮੁਹੱਈਆ ਕੀਤੀ ਹੈ। ਸੀ ਆਰ ਪੀ ਐੱਫ ਸ੍ਰੀ ਨਬੀਨ ਨੂੰ ‘ਜ਼ੈੱਡ’ ਸੁਰੱਖਿਆ ਮੁਹੱਈਆ ਕਰੇਗੀ। ਦੂਜੇ ਪਾਸੇ ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਨਿਤਿਨ ਨਬੀਨ ਨੂੰ ਭਾਜਪਾ ਦਾ ਨਵਾਂ ਪ੍ਰਧਾਨ ਚੁਣੇ ਜਾਣ ’ਤੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੁਣ ਅਸਤੀਫਾ ਦੇਣਾ ਚਾਹੁੰਦੇ ਹਨ ਕਿਉਂਕਿ ਭਾਜਪਾ ਪ੍ਰਧਾਨ ਦੀ ਚੋਣ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਰਹੀ ਤੇ ਚੋਣਾਂ ਨੂੰ ‘ਪ੍ਰਭਾਵਿਤ ਕਰਨ’ ਦਾ ਮੌਕਾ ਵੀ ਨਹੀਂ ਦਿੱਤਾ ਗਿਆ।

ਨਬੀਨ ਮੇਰੇ ਬੌਸ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤਿਨ ਨਬੀਨ ਨੂੰ ਭਾਜਪਾ ਦਾ ਕੌਮੀ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਨਾਲ ਸਬੰਧਤ ਮਾਮਲਿਆਂ ’ਚ ਇਹ ਨੌਜਵਾਨ ਆਗੂ ਉਨ੍ਹਾਂ ਦਾ ‘ਬੌਸ’ ਹੋਵੇਗਾ। ਸ੍ਰੀ ਮੋਦੀ ਨੇ 45 ਸਾਲਾ ਨਬੀਨ ਨੂੰ ਨੌਜਵਾਨ ਊਰਜਾ ਦੇ ਜਥੇਬੰਦੀ ’ਚ ਵੱਡਾ ਤਜਰਬਾ ਰੱਖਣ ਵਾਲਾ ‘ਮਿਲੇਨੀਅਲ’ ਦੱਸਿਆ ਜੋ ਪਾਰਟੀ ਲਈ ਬਹੁਤ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ, ‘‘ਉਨ੍ਹਾਂ (ਨਬੀਨ) ਦਾ ਹਰ ਸ਼ਬਦ ਸਾਨੂੰ ਨਵੀਂ ਦਿਸ਼ਾ ਦਿਖਾਏਗਾ। ਉਨ੍ਹਾਂ ਦੀ ਅਗਵਾਈ ਬੇਸ਼ਕੀਮਤੀ ਵਿਰਾਸਤ ਹੋਵੇਗੀ ਜੋ ਸਾਡੀ ਭਵਿੱਖੀ ਕਾਰਜ ਯੋਜਨਾ ਤੈਅ ਕਰੇਗੀ।’’

Share: