ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ: ਭਗਵੰਤ ਮਾਨ

ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ: ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਜਦੋਂ ਉਹ ਗੋਲਕ ਦਾ ਹਿਸਾਬ-ਕਿਤਾਬ ਲੈ ਕੇ ਆਪਣਾ ਸਪੱਸ਼ਟੀਕਰਨ ਦੇਣਗੇ ਤਾਂ ਉਸ ਸਮੇਂ ਸਿੱਧਾ ਪ੍ਰਸਾਰਨ ਕੀਤਾ ਜਾਵੇ। ਇਹ ਗੱਲ ਉਨ੍ਹਾਂ ਆਪਣੇ ‘ਐਕਸ’ ਖਾਤੇ ’ਤੇ ਟਵੀਟ ਰਾਹੀਂ ਕਹੀ। ਮੁੱਖ ਮੰਤਰੀ ਨੇ ਕਿਹਾ, ‘‘ਪੂਰੀ ਦੁਨੀਆ ’ਚੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਮੈਂ ਸੰਗਤ ਵੱਲੋਂ ਗੋਲਕ ਦਾ ਹਿਸਾਬ-ਕਿਤਾਬ ਲੈ ਕੇ ਜਾਵਾਂਗਾ ਤਾਂ ਸਾਰੇ ਨਿਊਜ਼ ਚੈਨਲਾਂ ’ਤੇ ਇਸ ਦਾ ਸਿੱਧਾ ਪ੍ਰਸਾਰਨ ਹੋਣਾ ਚਾਹੀਦਾ ਹੈ। ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ ਤਾਂ ਜੋ ਸੰਗਤ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ। ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ।’’ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਦੋਸ਼ ਹੇਠ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ’ਚ ਤਲਬ ਕੀਤਾ ਹੈ। ਮੁੱਖ ਮੰਤਰੀ ਨੂੰ ਜਾਰੀ ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਸਰਬਉੱਚਤਾ, ਮਾਣ ਮਰਿਆਦਾ ਅਤੇ ਗੁਰੂ ਦੀ ਗੋਲਕ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਕੁਝ ਵੀਡੀਓਜ਼ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਉਹ ਇਤਰਾਜ਼ਯੋਗ ਕਾਰਵਾਈ ਕਰਦੇ ਦਿਖਾਈ ਦੇ ਰਹੇ ਹਨ। ਪੱਤਰ ’ਚ ਲਿਖਿਆ ਹੈ ਕਿ ਮੁੱਖ ਮੰਤਰੀ ਉੱਚ ਸੰਵਿਧਾਨਕ ਅਹੁਦੇ ’ਤੇ ਬੈਠੇ ਹਨ ਪਰ ਉਨ੍ਹਾਂ ਦਾ ਵਤੀਰਾ ਹੈਂਕੜ ਦਾ ਪ੍ਰਗਟਾਵਾ ਕਰਦਾ ਹੈ।

Share: