ਲੰਬੀ: ਲੰਬੀ ਦੇ ਪਿੰਡ ਆਲਮਵਾਲਾ ਨੇੜੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਂ ਅਤੇ ਉਸਦੀ ਤਿੰਨ ਸਾਲਾ ਮਾਸੂਮ ਧੀ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਫਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਦਾ ਰਹਿਣ ਵਾਲਾ ਸਾਹਿਲ ਖੇੜਾ ਆਪਣੀ ਪਤਨੀ ਸਿਮਰਨ ਕੌਰ (33) ਅਤੇ ਧੀ ਤਕਦੀਰ ਕੌਰ ਨਾਲ ਸਿਰਸਾ ਤੋਂ ਵਾਪਸ ਘਰ ਜਾ ਰਿਹਾ ਸੀ। ਆਲਮਵਾਲਾ ਨੇੜੇ ਇੱਕ ਤਿੱਖੇ ਮੋੜ ’ਤੇ ਕਾਰ ਬੇਕਾਬੂ ਹੋ ਕੇ ਅਬੋਹਰ ਮਾਈਨਰ ਵਿੱਚ ਜਾ ਡਿੱਗੀ। ਇਸ ਹਾਦਸੇ ਦੌਰਾਨ ਸਾਹਿਲ ਖੇੜਾ ਦੀ ਖਿੜਕੀ ਖੁੱਲ੍ਹ ਜਾਣ ਕਾਰਨ ਉਹ ਵਾਲ-ਵਾਲ ਬਚ ਗਿਆ, ਪਰ ਉਸਦੀ ਪਤਨੀ ਅਤੇ ਬੱਚੀ ਕਾਰ ਸਮੇਤ ਪਾਣੀ ਵਿੱਚ ਰੁੜ੍ਹ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਤੋਂ ਹੋਕਾ ਦਿੱਤਾ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਬਚਾਅ ਕਾਰਜ ਸ਼ੁਰੂ ਕੀਤੇ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਂ-ਧੀ ਦੀਆਂ ਲਾਸ਼ਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਮਲੋਟ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਥਾਣਾ ਕਬਰਵਾਲਾ ਦੀ ਪੁਲੀਸ ਨੇ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਅਸਲੀਅਤ ਜਾਣਨ ਲਈ ਪੁਲੀਸ ਵੱਲੋਂ ਮ੍ਰਿਤਕਾ ਦੇ ਪਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਸਿਰਫ਼ ਇੱਕ ਹਾਦਸਾ ਸੀ ਜਾਂ ਕੋਈ ਸਾਜ਼ਿਸ਼।
ਲੰਬੀ ਪੁਲੀਸ ਸਬਡਵੀਜਨ ਦੇ ਡੀਐੱਸਪੀ ਹਰਬੰਸ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

