ਲਾਪਤਾ ਸਰੂਪ ਮਾਮਲਾ: ਹੁਣ ਤੱਕ ਸੱਤ ਮੋਬਾਈਲ ਤੇ ਹੋਰ ਸਾਮਾਨ ਜ਼ਬਤ

ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਰਸਮੀ ਤੌਰ ’ਤੇ ਆਪਣੀ ਹੁਣ ਤੱਕ ਦੀ ਕਾਰਵਾਈ ਦਾ ਵੇਰਵਾ ਜਾਰੀ ਕੀਤਾ ਹੈ। ਸਿਟ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੰਜਾਬ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਇਸ ਦੌਰਾਨ 7 ਮੋਬਾਈਲ ਫੋਨ, 3 ਟੈਬਲੇਟ, 2 ਲੈਪਟਾਪ, 1 ਸਟੋਰੇਜ ਡਿਵਾਈਸ ਅਤੇ ਸਹਾਇਕ ਉਪਕਰਨਾਂ ਸਮੇਤ ਵਿੱਤੀ ਰਿਕਾਰਡ ਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਜਾਂਚ ਦੌਰਾਨ ਸਿਆਸਤਦਾਨਾਂ ਸਮੇਤ ਕਈ ਵਿਅਕਤੀਆਂ ਨਾਲ ਜੁੜੀਆਂ ਕੰਪਨੀਆਂ ਵੱਲੋਂ ਕੀਤੇ ਭੁਗਤਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸਿਟ ਦੇ ਤਰਜਮਾਨ ਮੁਤਾਬਕ ਅੰਮ੍ਰਿਤਸਰ ਦੇ ਸੀ-ਡਿਵੀਜ਼ਨ ਥਾਣੇ ਵਿੱਚ ਦਰਜ ਐੱਫ ਆਈ ਆਰ ਵਿੱਚ ਕੁੱਲ 16 ਵਿਅਕਤੀ ਨਾਮਜ਼ਦ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਅਤੇ 14 ਵਿਅਕਤੀ ਜਾਂਚ ਦੇ ਘੇਰੇ ਵਿੱਚ ਹਨ। ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਸਾਬਕਾ ਚਾਰਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਅਤੇ ਸਹਾਇਕ ਵਜੋਂ ਕੰਮ ਕਰਦੇ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੰਵਲਜੀਤ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਗ੍ਰੰਥਾਂ ਦੀ ਸਾਂਭ-ਸੰਭਾਲ ਅਤੇ ਅਣਅਧਿਕਾਰਤ ਤਿਆਰੀ/ਭੰਡਾਰਨ ਨਾਲ ਸਬੰਧਤ ਗੰਭੀਰ ਬੇਨਿਯਮੀਆਂ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਛਾਪਿਆਂ ਦੌਰਾਨ 7 ਮੋਬਾਈਲ ਫੋਨ, 3 ਟੈਬਲੇਟ, 2 ਲੈਪਟਾਪ, 1 ਸਟੋਰੇਜ ਡਿਵਾਈਸ ਅਤੇ ਕਈ ਵਿੱਤੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਨ੍ਹਾਂ ਸਾਰੇ ਉਪਕਰਨਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਕਰਵਾਇਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਹੋਰ ਤਲਾਸ਼ੀਆਂ ਅਤੇ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

Share: