ਤਰਨ ਤਾਰਨ: ਤਰਨ ਤਾਰਨ ਵਿਖੇ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਵਿਆਹ ਵਾਲੀ ਲੜਕੀ ਨੂੰ ਉਸ ਦੀ ਗੁਆਂਢ ਰਹਿੰਦੀ ਲੜਕੀ ਘਰ ਤੋਂ ਲੈ ਕੇ ਫ਼ਰਾਰ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਲੜਕੀਆਂ ਆਪਸ ਵਿਚ ਰਹਿਣਾ ਚਾਹੁੰਦੀਆਂ ਹਨ। ਭਾਵੇਂ ਵਿਆਹ ਵਾਲੀ ਲੜਕੀ ਦੀ ਮਾਤਾ ਵਲੋਂ ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਤਰਨ ਤਾਰਨ ਦੇ ਮੁਰਾਦਪੁਰਾ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ 14 ਜਨਵਰੀ 2026 ਨੂੰ ਵਿਆਹ ਰੱਖਿਆ ਹੋਇਆ ਹੈ। ਉਨ੍ਹਾਂ ਵਲੋਂ ਆਪਣੀ ਲੜਕੀ ਨੂੰ ਦਾਜ ਵਿਚ ਦੇਣ ਲਈ ਸਾਮਾਨ ਵੀ ਇਕੱਠਾ ਕੀਤਾ ਹੋਇਆ ਹੈ ਅਤੇ ਘਰ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਆਂਢ ਵਿਚ ਰਹਿੰਦੀ ਉਸ ਦੀ ਲੜਕੀ ਦੀ ਸਹੇਲੀ ਉਨ੍ਹਾਂ ਦੀ ਲੜਕੀ ਨੂੰ ਘਰੋਂ ਲੈ ਕੇ ਫਰਾਰ ਹੋ ਗਈ। ਉਨ੍ਹਾਂ ਦੀ ਲੜਕੀ ਆਪਣੇ ਘਰੋਂ 30 ਹਜ਼ਾਰ ਰੁਪਏ ਨਗਦ ਅਤੇ ਸੋਨੇ ਦੀਆਂ ਵਾਲੀਆਂ ਵੀ ਲੈ ਗਈ। ਉਨ੍ਹਾਂ ਦੱਸਿਆ ਕਿ ਜਿਹੜੀ ਲੜਕੀ ਉਨ੍ਹਾਂ ਦੀ ਲੜਕੀ ਨੂੰ ਲੈ ਕੇ ਗਈ ਹੈ, ਉਹ ਲੜਕੀ ਅਤੇ ਉਨ੍ਹਾਂ ਦੀ ਲੜਕੀ ਇਕੱਠੀਆਂ ਸਕੂਲ ਪੜ੍ਹਦੀਆਂ ਸਨ ਅਤੇ ਇਨ੍ਹਾਂ ਦੋਵਾਂ ਦਾ ਆਪਸ ਵਿਚ ਕਾਫ਼ੀ ਮੇਲ ਮਿਲਾਪ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਆਪਣੀ ਲੜਕੀ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਦੂਜੀ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਲੜਕੀ ਸਬੰਧੀ ਗੱਲ ਕੀਤੀ ਹੈ, ਪਰ ਉਨ੍ਹਾਂ ਵੀ ਕੁਝ ਨਹੀਂ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਅਸਮਰੱਥਾ ਜਤਾਈ ਹੈ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਲੜਕੀਆਂ ਬਾਲਗ ਹਨ। ਉਕਤ ਔਰਤ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਪਤਾ ਲੱਗਣ ’ਤੇ ਲੜਕੇ ਵਾਲਿਆਂ ਵਲੋਂ ਵੀ ਉਨ੍ਹਾਂ ਦੀ ਲੜਕੀ ਦਾ ਰਿਸ਼ਤਾ ਤੋੜ ਦਿੱਤਾ ਗਿਆ ਹੈ।