ਮਾਨਸਾ: ਮਾਨਸਾ ਪੁਲੀਸ ਨੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਂਦਿਆਂ ਇੱਕ ਸਰਗਰਮ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਗਸ਼ਤ ਦੌਰਾਨ ਮਿਲੀ ਮੁਖਬਰੀ ਦੇ ਅਧਾਰ ’ਤੇ ਪਿੰਡ ਬੀਰੋਕੇ ਕਲਾਂ ਦੀ ਦਾਣਾ ਮੰਡੀ ਨੇੜੇ ਨਾਕਾਬੰਦੀ ਕੀਤੀ ਗਈ ਸੀ।
ਇਸ ਦੌਰਾਨ ਗੁਰਮੀਤ ਸਿੰਘ ਉਰਫ਼ ਗੀਤੂ (ਵਾਸੀ ਹੋਡਲਾ ਕਲਾਂ) ਅਤੇ ਜਸਦੀਪ ਰਾਮ (ਵਾਸੀ ਟਿੱਬੀ ਹਰੀ ਸਿੰਘ ਵਾਲਾ) ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਮੇਤ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਬੁਢਲਾਡਾ ਵਿਖੇ ਬੀ.ਐਨ.ਐਸ. ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ 22 ਹੋਰ ਮੋਟਰਸਾਈਕਲ ਅਤੇ ਇੱਕ ਸਕੂਟਰੀ ਬਰਾਮਦ ਕੀਤੀ ਹੈ, ਜਿਸ ਨਾਲ ਹੁਣ ਤੱਕ ਬਰਾਮਦ ਕੀਤੇ ਗਏ ਵਾਹਨਾਂ ਦੀ ਕੁੱਲ ਗਿਣਤੀ 24 ਹੋ ਗਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਨੂੰ ਉਮੀਦ ਹੈ ਕਿ ਡੂੰਘਾਈ ਨਾਲ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਚੋਰੀ ਦੀਆਂ ਹੋਰ ਵੀ ਕਈ ਵੱਡੀਆਂ ਵਾਰਦਾਤਾਂ ਦੇ ਖੁਲਾਸੇ ਹੋ ਸਕਦੇ ਹਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ।

