ਤਿੰਨ ਦਿਨਾ ਮੇਲਾ ਮਾਘੀ ਸ਼ੁਰੂ; ਰਾਤ 12 ਵਜੇ ਤੋਂ ਸ਼ਰੂ ਹੋਵੇਗਾ ਇਸ਼ਨਾਨ

ਤਿੰਨ ਦਿਨਾ ਮੇਲਾ ਮਾਘੀ ਸ਼ੁਰੂ; ਰਾਤ 12 ਵਜੇ ਤੋਂ ਸ਼ਰੂ ਹੋਵੇਗਾ ਇਸ਼ਨਾਨ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿੱਚ ਮੇਲਾ ਮਾਘੀ ਸ਼ੁਰੂ ਹੋ ਗਿਆ ਹੈ ਜੋ ਤਿੰਨ ਦਿਨ ਚੱਲੇਗਾ। ਇਸ ਦੌਰਾਨ ਅੱਜ ਰਾਤ 12 ਵਜੇ ਇਸ਼ਨਾਨ ਸ਼ੁਰੂ ਹੋਵੇਗਾ। ਇੱਥੇ ਖਿਦਰਾਣਾ ਦੀ ਜੰਗ ਦੀ ਬਹੁਤ ਅਹਿਮੀਅਤ ਹੈ। ਅੱਜ ਤੋਂ ਕਰੀਬ 320 ਵਰ੍ਹੇ ਪਹਿਲਾਂ 1705 ਈਸਵੀ ਨੂੰ ਲੋਕਾਈ ਦੇ ਭਲੇ ਲਈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਜ਼ਾਲਮ ਮੁਗਲ ਸਾਮਰਾਜ ਨਾਲ ‘ਖਿਦਰਾਣਾ ਦੀ ਢਾਬ’ ’ਤੇ ਆਖਰੀ ਅਤੇ ਨਿਰਣਾਇਕ ਜੰਗ ਲੜੀ ਸੀ। ਇਹ ਜੰਗ ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਸੀ। ਇਕ ਪਾਸੇ ਮੁੱਠੀ ਭਰ ਸਿੰਘ ਤੇ ਦੂਜੇ ਪਾਸੇ ਮੁਗਲ ਸਾਮਰਾਜ ਤੇ ਪਹਾੜੀ ਰਾਜਿਆਂ ਦਾ ਵੱਡਾ ਲਾਮ ਲਸ਼ਕਰ ਪਰ ਜੰਗ ਦੌਰਾਨ ਗੁਰੂ ਜੀ ਨੇ ਯੁੱਧ ਕਲਾ ਦੀ ਕੁਸ਼ਲਤਾ, ਜੰਗੀ ਰਣਨੀਤੀ, ਹਿੰਮਤ, ਦਲੇਰੀ ਦਾ ਅਜਿਹਾ ਜਜ਼ਬਾ ਭਰਿਆ ਕਿ ਮੁੱਠੀ ਭਰ ਸਿੰਘਾਂ ਨੇ ‘ਸਵਾ ਲਾਖ ਸੇ ਏਕ ਲੜਾਊਂ’ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮੁਗਲਾਂ ਨੂੰ ਡਟਵੀਂ ਮਾਤ ਦਿੱਤੀ।

ਜੰਗ ਵਾਲੇ ਕਾਲ ਵਿੱਚ ਇਹ ਥਾਂ ਰੇਤਲਾ ਇਲਾਕਾ ਸੀ। ਇੱਥੇ ਚਹੁੀਂ ਪਾਸੀਂ ਰੇਤੇ ਦੇ ਉਚੇ ਟਿੱਬੇ ਸਨ। ਟਿੱਬਿਆਂ ਦੇ ਵਿਚਕਾਰ ਪਾਣੀ ਦੀ ਢਾਬ ਸੀ। ਗੁਰੂ ਜੀ ਨੂੰ ਜੰਗੀ ਨੁਕਤਾ ਨਜ਼ਰ ਤੋਂ ਇਹ ਥਾਂ ਢੁਕਵਾਂ ਲੱਗਿਆ। ਤੱਥਾਂ ਅਨੁਸਾਰ ਇਹ ਲੜਾਈ 21 ਵੈਸਾਖ ਨੂੰ ਲੜੀ ਗਈ ਸੀ। ਜ਼ਾਹਿਰ ਹੈ ਕਿ ਉਪਰੋਂ ਸੂਰਜ ਅੱਗ ਵਰਾਉਂਦਾ ਹੋਵੇਗਾ ਤੇ ਥੱਲੋਂ ਭੱਠੀ ਬਣਿਆ ਰੇਤਾ ਸੜਦਾ ਹੋਵੇਗਾ। ਅਜਿਹੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਗੁਰੂ ਜੀ ਨੇ ਢਾਬ (ਜਿਥੇ ਬਾਰਸ਼ਾਂ ਦਾ ਪਾਣੀ ਇਕੱਤਰ ਹੋ ਜਾਂਦਾ ਹੈ) ’ਤੇ ਸਿੰਘਾਂ ਦੇ ਡੇਰੇ ਲਵਾ ਦਿੱਤੇ। ਉਨ੍ਹਾਂ ਕਰੀਰ, ਵਣ (ਜੰਗਲੀ ਰੁੱਖ ਜਿਸ ਨੂੰ ਪੀਲਾਂ ਲੱਗਦੀਆਂ ਹਨ) ਅਤੇ ਝਾੜ ਬੂਝਿਆਂ ਉਪਰ ਚਾਦਰਾਂ ਪਾ ਦਿੱਤੀਆਂ ਜਿਹੜੀਆਂ ਦੂਰੋਂ ਤੰਬੂਆਂ ਦਾ ਭੁਲੇਖਾ ਪਾਉਂਦੇ ਸਨ। ਗੁਰੂ ਜੀ ਨੇ ਖੁਦ ਦੂਰ ਇਕ ਉਚੀ ਟਿੱਬੀ ਮੱਲ ਲਈ। ਯੁੱਧ ਦਾ ਮੈਦਾਨ ਤਿਆਰ ਹੋ ਗਿਆ। ਜਦੋਂ ਮੁਗਲ ਫੌਜਾਂ ਪਿੱਛਾ ਕਰਦੀਆਂ ਇਥੇ ਪੁੱਜੀਆਂ ਤਾਂ ਉਹ ਝਾੜ ਬੂਝਿਆਂ ਉਪਰ ਪਾਈਆਂ ਚਾਦਰਾਂ ਨੂੰ ਤੰਬੂ ਸਮਝ ਕੇ ਘਬਰਾ ਗਈਆਂ। ਉਨ੍ਹਾਂ ਨੂੰ ਸੂਹ ਤਾਂ ਇਹ ਮਿਲੀ ਸੀ ਕਿ ਥੋੜ੍ਹੇ ਜਿਹੇ ਭੁੱਖੇ-ਪਿਆਸੇ ਸਿੰਘ ਹਨ ਪਰ ਇਥੇ ਤਾਂ ਸੈਂਕੜੇ ਤੰਬੂ ਲੱਗੇ ਹੋਏ ਸਨ ਭਾਵ ਵੱਡੀ ਗਿਣਤੀ ’ਚ ਫੌਜ ਹੈ। ਗੁਰੂ ਜੀ ਮੁਗਲ ਫੌਜਾਂ ਦੇ ਹੌਂਸਲੇ ਪਸਤ ਕਰਨ ਦੀ ਪਹਿਲਾਂ ਯੋਜਨਾ ’ਚ ਸਫਲ ਹੋ ਗਏ। ਘਬਰਾਏ ਮੁਗਲਾਂ ਉਪਰ ਸਿੰਘ ਟੁੱਟ ਕੇ ਪੈ ਗਏ। ਉਪਰ ਟਿੱਬੀ ’ਤੇ ਬੈਠੇ ਗੁਰੂ ਜੀ ਨੇ ਤੀਰਾਂ ਦੀ ਵਰਖਾ ਕਰ ਦਿੱਤੀ। ਜੰਗ ਦੌਰਾਨ ਹੀ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੰਘ ਵੀ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਆ ਗਏ।

ਵਰ੍ਹਦੀ ਅੱਗ ’ਚ ਗਹਿਗੱਚ ਲੜਾਈ ਹੋਈ। ਦਿਨ ਢਲਿਆ। ਲੜਾਈ ਰੁਕੀ। ਗੁਰੂ ਜੀ ਨੇ ਜ਼ਖਮੀ ਸਿੰਘਾਂ ਦੀ ਸਾਰ ਲਈ। ਮੱਲਮ ਲਾਈ। ਆਸ਼ੀਰਵਾਦ ਦਿੱਤਾ। ਅਗਲਾ ਦਿਨ ਚੜ੍ਹਿਆ ਤੇ ਯੁੱਧ ਹੋਇਆ। ਇਸ ਤਰ੍ਹਾਂ ਕੁੱਝ ਦਿਨ ਚੱਲਦਾ ਰਿਹਾ ਤੇ ਅਖੀਰ ਜਿੰਨੇ ਕੁ ਮੁਗਲ ਬਚੇ ਸਨ, ਉਹ ਜਾਨ ਬਚਾਉਂਦੇ ਹੋਏ ਵਾਪਸ ਭੱਜ ਗਏ। ਗੁਰੂ ਜੀ ਨੇ ਜਿਉਂਦੇ ਸਿੰਘਾਂ ਦੀ ਪਿੱਠ ਥਾਪੜੀ। ਜ਼ਖਮੀਆਂ ਦੀ ਮੱਲਮ ਪੱਟੀ ਕੀਤੀ। ਸ਼ਹੀਦੀ ਨੇੜੇ ਪੁੱਜੇ ਸਿੰਘਾਂ ਦੇ ਸਿਰ ਆਪਣੀ ਗੋਦ ’ਚ ਰੱਖ ਕੇ ਪੰਜ ਹਜ਼ਾਰੀ, ਦਸ ਹਜ਼ਾਰੀ, ਪੰਜਾਹ ਹਜ਼ਾਰੀ ਦੀਆਂ ਬਖਸ਼ਿਸ਼ਾਂ ਦਿੱਤੀਆਂ। ਭਾਈ ਮਹਾਂ ਸਿੰਘ ਦੀ ਅਰਜੋਈ ’ਤੇ ਬੇਦਾਵਾ ਪਾੜਦਿਆਂ, ਟੁੱਟੀ ਗੰਢੀ। ਸ਼ਹੀਦਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ।

ਸ਼ਹੀਦਾਂ ਦੇ ਖੂਨ ਨਾਲ ਪਵਿੱਤਰ ਹੋਈ ਇਹ ਧਰਤੀ ਦੀ ਹਿੱਕ ’ਤੇ ਲਿਖਿਆ ‘ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਭ ਕੀਨ। ਹੋਏ ਸਾਬਤ ਜੂਝੇ ਜਬ ਬਡੈ ਮਰਤਬੋ ਲੀਨ।’ ਕ੍ਰਿਸ਼ਮਾ ਹੋ ਗਿਆ। ਖਿਦਰਾਣਾ ਦੀ ਢਾਬ, ਮੁਕਤੀ ਦਾ ਸਰ ਬਣ ਗਈ ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਕਰਕੇ ਜਾਣਿਆ ਜਾਂਦਾ ਹੈ।

ਪੁਰਾਤਨ ਚੇਤੇ ਫੋਲਿਆਂ ਪਤਾ ਲੱਗਦਾ ਹੈ ਕਿ ਪਹਿਲਾਂ ਇਥੇ ਸਰੋਵਰ ਵਜੋਂ ਇਕ ਛੱਪੜ ਹੁੰਦਾ ਸੀ ਫਿਰ ਹੌਲੀ-ਹੌਲੀ ਛੋਟੀ ਇੱਟ ਦੀਆਂ ਇਮਾਰਤਾਂ ਬਣੀਆਂ। ਸਰੋਵਰ ਬਣਿਆ। 15 ਕੁ ਕਿਲੋਮੀਟਰ ਦੁਰਾਡੇ ਪਿੰਡ ਹਰੀਕੇ ਕਲਾਂ ਦੇ ਨਿਰਮਲੇ ਸੰਤ ਪਿੰਡੋਂ ਲੰਗਰ ਤਿਆਰ ਕਰਕੇ ਲਿਆਉਂਦੇ। ਸੰਗਤਾਂ ਨੂੰ ਛਕਾਉਂਦੇ। ਕਾਰ ਸੇਵਾ ਚੱਲਦੀ ਰਹਿੰਦੀ। ਉਨ੍ਹਾਂ ਸੰਤਾਂ ਨੂੰ ਭਾਈ ਲੰਗਰ ਸਿੰਘ ਕਿਹਾ ਜਾਣ ਲੱਗਿਆ। ਉਨ੍ਹਾਂ ਦੇ ਨਾਮ ’ਤੇ ਕੋਟ ਕਪੂਰਾ ਰੋਡ ’ਤੇ ਗੇਟ ਬਣਿਆ ਹੈ। ਇਥੇ ਵੈਸਾਖ ਮਹੀਨੇ ਮੇਲਾ ਲੱਗਦਾ ਸੀ ਪਰ ਹੁਣ ਵੈਸਾਖ ਦੀ ਬਜਾਏ ਮਾਘ ਮਹੀਨੇ ’ਚ ਮੇਲਾ ਲੱਗਦਾ ਹੈ। ਚਾਲੀ ਮੁਕਤਿਆਂ ਦੀ ਯਾਦ ਵਿੱਚ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ ਅਖੰਡ ਪਾਠਾਂ ਦੀ ਲੜੀ ਹਰ ਵਰ੍ਹੇ ਚਲਦੀ ਹੈ।

1945 ਵਿੱਚ ਗੁਰਦੁਆਰਾ ਐਕਟ 1925 ਵਿੱਚ ਤਰਮੀਮ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਸ੍ਰੀ ਪੰਜਾ ਸਾਹਿਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਮੁਕਤਸਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਪ੍ਰਬੰਧ ਅਧੀਨ ਕਰ ਦਿੱਤਾ। ਚਾਲੀ ਮੁਕਤਿਆਂ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਨੂੰ ‘ਸ੍ਰੀ ਦਰਬਾਰ ਸਾਹਿਬ’ ਦਾ ਮਾਣ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਮਹਾਰਾਜਾ ਹੀਰਾ ਸਿੰਘ ਹੋਰਾਂ ਨੇ ਕਰਵਾਈ। ਟਿੱਕਾ ਰਿਪੁਦਮਨ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਕ 700 ਮਣ ਦਾ ਨਿੱਗਰ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਕਿ ਇੰਗਲੈਂਡ ਤੋਂ ਤਿਆਰ ਹੋਇਆ। ਇਹ ਹੁਣ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਹੈ। ਇਸ ਨੂੰ ਸਹਾਰਾ ਦੇਣ ਵਾਲੀ ਇਕ ਅਟਾਰੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਪੁਰਾਣੀ ਛੋਟੀ ਇੱਟ ਦੀ ਇਮਾਰਤ ਸਣੇ ਹੋਰ ਕਈ ਇਮਾਰਤਾਂ 1984 ਦੇ ਹਮਲੇ ਵਿੱਚ ਢਹਿ ਗਈਆਂ ਸਨ ਜਿਨ੍ਹਾਂ ਦਾ ਕਾਰ ਸੇਵਾ ਵਾਲੇ ਬਾਬਿਆਂ ਨੇ ਨਵ-ਨਿਰਮਾਣ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਸ਼ਹੀਦ ਗੰਜ ਸਾਹਿਬ, ਤੰਬੂ ਸਾਹਿਬ, ਮਾਈ ਭਾਗੋ, ਭਾਈ ਮਹਾਂ ਸਿੰਘ ਦੀਵਾਨ ਹਾਲ, ਅਜਾਇਬ ਘਰ, ਸਰਾ ਤੇ ਵਿਸ਼ਾਲ ਸਰੋਵਰ ਮੌਜੂਦ ਹੈ।

Share: