ਲੋਹੜੀ

ਲੋਹੜੀ

ਪੰਜਾਬੀ ਸਭਿਆਚਾਰ ਨਾਲ ਜੁੜਿਆ ਲੋਹੜੀ ਦਾ ਤਿਉਹਾਰ, ਸਮੇਂ ਦੀ ਮਾਰ ਨਾਲ ਦਮ ਤੋੜਦਾ ਜਾ ਰਿਹਾ ਹੈ। ਜਨਵਰੀ ਦੀ ਸੰਗਰਾਂਦ ਤੋਂ ਪਹਿਲੇ ਦਿਨ/ਰਾਤ ਨੂੰ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਕਾਲਜਾਂ ਤੇ ਸਾਂਝੀਆਂ ਸੱਥਾਂ ਚ ਮਨਾਉਣ ਤੱਕ ਸਿਮਟਦਾ ਜਾ ਰਿਹਾ ਹੈ। ਤਲਬ ਸਾਡੀਆਂ ਸੱਭਿਆਚਾਰਕ ਸੰਸਥਾਵਾਂ ਹੋਰ ਕਈ ਤਿਉਹਾਰਾਂ ਦੀ ਤਰ੍ਹਾਂ ਲੋਹੜੀ ਦੇ ਤਿਉਹਾਰ ਨੂੰ ਪੂਰੀ ਤਰ੍ਹਾਂ ਅਲੋਪ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਬਹੁਤੇ ਲੋਕ ਲੋਹੜੀ ਦਾ ਪਿਛੋਕੜ ਮੁਗਲੀਆ ਹਕੂਮਤ ਤੋਂ ਬਾਗੀ ਹੋਏ, ਗਰੀਬਾਂ ਅਤੇ ਧੀਆਂ ਦੇ ਹਮਦਰਦ ਦੁੱਲਾ ਭੱਟੀ ਨਾਲ ਜੋੜਦੇ ਹਨ ਤੇ ਕਈ ਵਿਦਵਾਨ ਇਸ ਦਾ ਸਬੰਧ ਦੁਸ਼ਟ ਰਾਜੇ ਹਰਨਾਖਸ਼ ਦੀ ਭੈਣ ਹੋਲਿਕਾ ਨਾਲ ਵੀ ਜੋੜਦੇ ਹਨ। ਖੈਰ ਲੋਹੜੀ ਦਾ ਪਿਛੋਕੜ ਕੋਈ ਵੀ ਰਿਹਾ ਹੋਏ, ਇਹ ਤਿਉਹਾਰ ਬਹੁਤ ਹੀ ਖੁਸੀਆਂ ਤੇ ਚਾਵਾਂ ਨਾਲ ਮਨਾਇਆ ਜਾਂਦਾ ਰਿਹਾ ਹੈ ਤੇ ਅੱਜ ਵੀ ਮਨਾਇਆ ਜਾਂਦਾ ਹੈ। ਪਰ ਅੱਜ ਇਸ ਤਿਉਹਾਰ ਦੀਆਂ ਖੁਸ਼ੀਆਂ ਤੇ ਚਾਅ ਬਹੁਤ ਫਿੱਕੇ ਪੈਦੇ ਜਾ ਰਹੇ ਹਨ। ਪਤਾ ਨਹੀਂ ਸਾਡੀ ਬਦਲਦੀ ਜਾ ਰਹੀ ਜੀਵਨਸ਼ੈਲੀ ਦਾ ਪ੍ਰਭਾਵ ਹੈ ਜਾਂ ਮਹਿੰਗਾਈ ਦੀ ਮਾਰ, ਜੋ ਜਿਆਦਾਤਰ ਲੋਕ ਲੋਹੜੀ ਪਾਉਣ/ਦੇਣ ਤੋਂ ਪਿੱਛੇ ਹਟਦੇ ਜਾ ਰਹੇ ਹਨ।ਦਰਅਸਲ ਲੋਹੜੀ ਮੁਫ਼ਤ ਚ ਖੁਸ਼ੀਆਂ ਵੰਡਣ ਦਾ ਤਿਉਹਾਰ ਸੀ ਜਿਸ ਨੂੰ ਲੋਕ ਦਿਖਾਵੇ ਚ ਫਸ ਕੇ ਅਸੀਂ ਇੰਨਾ ਖਰਚੀਲਾ ਬਣਾ ਦਿੱਤਾ ਹੈ ਕਿ ਆਮ ਆਦਮੀ ਲੋਹੜੀ ਵੰਡਣ ਤੋਂ ਮੂੰਹ ਫੇਰਨ ਲੱਗ ਪਿਆ ਹੈ।ਪਹਿਲਾਂ ਲੋਹੜੀ ਵੰਡਣ/ਦੇਣ ਵਾਲੇ ਪਰਿਵਾਰ ਵਲੋਂ ਗੁੜ ਤੇ ਮੱਕੀ ਦੇ ਉਬਲੇ ਹੋਏ ਦਾਣੇ ਵੰਡ ਕੇ, ਆਪਣੇ ਭਾਈਚਾਰੇ ਚ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਸਨ। ਗੁੜ ਅਤੇ ਮੱਕੀ ਕਿਸਾਨਾਂ ਦੀ ਆਪਣੀ ਖੇਤੀ ਜਿਣਸ ਸੀ। ਲੋਹੜੀ ਦੀ ਰਾਤ ਵਰਤੀ ਜਾਣ ਵਾਲੀ ਸ਼ਰਾਬ ਵੀ ਜਿਆਦਾਤਰ ਘਰ ਦੀ ਬਣਾਈ/ਕੱਢੀ ਹੋਈ ਦੇਸੀ ਸ਼ਰਾਬ ਹੀ ਹੋਇਆ ਕਰਦੀ ਸੀ। ਸਮਾਂ ਬਦਲਿਆ,ਲੋਹੜੀ ਦੇ ਤਿਉਹਾਰ ਤੇ ਲੋਕ ਦਿਖਾਵਾ ਭਾਰੀ ਪੈਣ ਲੱਗ ਪਿਆ। ਗੁੜ ਤੇ ਮੱਕੀ ਦੇ ਦਾਣਿਆਂ ਦੀ ਥਾਂ ਲੱਡੂ ਵੰਡਣ ਦਾ ਰੁਝਾਨ ਸੁਰੂ ਗਿਆ। ਇਸ ਦੇ ਨਾਲ ਹੀ ਹੋਰ ਖਰਚੇ ਇੰਨੇ ਵਧ ਗਏ ਕਿ ਲੋਕ ਲੋਹੜੀ ਵੰਡਣ ਤੋਂ ਮੂੰਹ ਮੋੜਨ ਲੱਗ ਪਏ ਹਨ। ਵੀਹ ਕੁ ਸਾਲ ਪਹਿਲਾਂ ਤੱਕ ਜੇ ਕਿਸੇ ਪਿੰਡ ਚ ਪੰਦਰ੍ਹਾਂ ਮੁੰਡਿਆਂ ਦਾ ਜਨਮ ਹੋਇਆ ਹੁੰਦਾ ਸੀ ਤਾਂ ਬਾਰ੍ਹਾਂ ਤੇਰਾਂ ਪਰਿਵਾਰਾਂ ਵਲੋਂ ਲੋਹੜੀ ਵੰਡੀ ਜਾਂਦੀ ਸੀ। ਗਲੀ ਗਲੀ ਲੋਹੜੀ ਵੰਡਣ ਵਾਲੀਆਂ ਔਰਤਾਂ ਸਿਰ ਉਤੇ ਪਰਾਤਾਂ ਚੁੱਕੀ ਲੋਹੜੀ ਵੰਡਦੀਆਂ ਘੁੰਮਦੀਆਂ ਹੁੰਦੀਆਂ ਸਨ। ਤੇ ਅੱਜ ਕਿਸੇ ਟਾਵੇਂ ਪਰਿਵਾਰ ਵਲੋਂ ਹੀ ਲੋਹੜੀ ਵੰਡੀ ਜਾਂਦੀ ਹੈ। ਪਹਿਲਾਂ ਲੋਹੜੀ ਮੰਗਣ ਵਾਲਿਆਂ ਕੁੜੀਆਂ /ਮੁੰਡਿਆਂ ਵਲੋਂ ਲੋਹੜੀ ਦੇ ਗੀਤ ਗਾ ਕੇ, ਲੋਹੜੀ ਵਾਲੇ ਘਰ ਹੀ ਲੋਹੜੀ ਮੰਗੀ ਜਾਇਆ ਕਰਦੀ ਸੀ, ਪਰ ਅੱਜ ਬਿਨਾਂ ਲੋਹੜੀ ਦੇ ਗੀਤ ਗਾਏ ਹੀ ਹਰ ਘਰ ਦਾ ਬੂਹਾ ਖੜਕਾਇਆ ਜਾ ਰਿਹਾ ਹੈ। ਜਿਸ ਤੋਂ ਲਗਦਾ ਹੈ ਕਿ ਕਿਸੇ ਨੂੰ ਲੋਹੜੀ ਦੇ ਗੀਤ ਯਾਦ ਹੀ ਨਹੀਂ ਹਨ। ਪਹਿਲਾਂ ਸਾਰਿਆਂ ਵਲੋਂ ਆਪਣੇ ਪਿੰਡ / ਕਸਬੇ ਚ ਹੀ ਲੋਹੜੀ ਮੰਗੀ ਜਾਂਦੀ ਸੀ। ਪਰ ਅੱਜ ਕਈ ਕਈ ਪਿੰਡਾਂ ਚ ਘੁੰਮ ਕੇ ਲੋਹੜੀ ਮੰਗੀ ਜਾ ਰਹੀ ਹੈ। ਜਿਹਨਾਂ ਤੋਂ ਤੰਗ ਆ ਕੇ ਕਈ ਲੋਕ ਘਰ ਚ ਹੁੰਦੇ ਹੋਏ ਵੀ ਦਰਵਾਜ਼ੇ ਨੂੰ ਜਿੰਦਰ ਮਾਰ ਕੇ ਅੰਦਰ ਬਹਿ ਜਾਂਦੇ ਹਨ। ਕੁਝ ਸਾਲਾਂ ਤੋਂ, ਕੁਝ ਸਮਾਜਿਕ ਵਸੰਸਥਾਵਾਂ ਵਲੋਂ ਧੀਆਂ ਦੀ ਲੋਹੜੀ ਵੰਡਣ ਦੇ ਸਮਾਗਮ ਕਰਵਾਉਣ ਦਾ ਰੁਝਾਨ ਬਹੁਤ ਵਧ ਗਿਆ ਹੈ। ਅਖਵਾਰਾਂ ਅਤੇ ਸ਼ੋਸਲ ਮੀਡੀਆ ਚ ਲੋਹੜੀ ਦੇ ਇਹਨਾਂ ਸਮਾਗਮਾਂ ਬਾਰੇ ਇਸ਼ਤਿਹਾਰ ਅਤੇ ਫੋਟੋ ਦੇਖ ਕੇ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਸਮਾਗਮ ਲੋਹੜੀ ਦੀਆਂ ਖੁਸ਼ੀਆਂ ਵੰਡਣ ਲਈ ਨਹੀਂ ਬਲਕਿ ਆਪਣੀ ਵਡਿਆਈ ਕਰਵਾਉਣ ਲਈ ਕਰਵਾਏ ਜਾਂਦੇ ਹਨ। ਜਿਸ ਤਰ੍ਹਾਂ ਅੱਜ ਤੀਆਂ ਦਾ ਤਿਉਹਾਰ ਸਕੂਲਾਂ/ਕਾਲਿਜਾਂ ਦੀਆਂ ਸਟੇਜਾਂ ਦਾ ਸਿੰਗਾਰ ਭਰ ਬਣ ਕੇ ਰਹਿ ਗਿਆ ਹੈ, ਉਹ ਦਿਨ ਦੂਰ ਨਹੀਂ ਕਿ ਜਦੋਂ ਲੋਹੜੀ ਵੀ ਕੁਝ ਸਮਾਜਿਕ ਸੰਸਥਾਵਾਂ ਵਲੋਂ ਧੀਆਂ ਦੀ ਲੋਹੜੀ ਪਾਉਣ ਦੇ ਸਮਾਗਮਾਂ ਤੱਕ ਸੀਮਿਤ ਹੋ ਕੇ ਰਹਿ ਜਾਏਗੀ।

ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ

Share: