ਐਰੋਟ੍ਰੋਪੋਲਿਸ ਦੇ ਵਿਸਥਾਰ ਲਈ ਜ਼ਮੀਨ ਐਕੁਆਇਰ ਕਰਨ ਦੀ ਕਵਾਇਦ ਤੇਜ਼

ਐੱਸਏਐੱਸ ਨਗਰ (ਮੁਹਾਲੀ): ਗਮਾਡਾ ਨੇ ਨਿਊ ਚੰਡੀਗੜ੍ਹ ਦੇ ਈਕੋ ਸਿਟੀ-ਤਿੰਨ ਤੋਂ ਬਾਅਦ ਹੁਣ ਐਰੋਟ੍ਰੋਪੋਲਿਸ ਪ੍ਰਾਜੈਕਟ ਦੇ ਵਿਸਥਾਰ ’ਤੇ ਧਿਆਨ ਕੇਂਦਰਿਤ ਕਰ ਦਿੱਤਾ ਹੈ। ਇਸ ਤਹਿਤ ਐਰੋਟ੍ਰੋਪੋਲਿਸ ਖੇਤਰ ਦੀਆਂ ਨਵੀਆਂ ਪਾਕਿਟਾਂ (ਈ, ਐੱਫ, ਜੀ, ਐੱਚ, ਆਈ ਤੇ ਜੇ) ਵਿਕਸਤ ਕਰਨ ਲਈ ਅੱਠ ਪਿੰਡਾਂ ਦੀ 3553 ਏਕੜ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।

ਗਮਾਡਾ ਨੇ 10 ਦਸੰਬਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਸਬੰਧਿਤ ਰਕਬੇ ਦੀ ਖਰੀਦ-ਵੇਚ ’ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਸੀ। ਇਸ ਤਹਿਤ ਕਿਸਾਨ 10 ਫਰਵਰੀ ਤੱਕ ਇਤਰਾਜ਼ ਦਰਜ ਕਰਵਾ ਸਕਦੇ ਹਨ। ਮਿਆਦ ਖ਼ਤਮ ਹੁੰਦਿਆਂ ਹੀ ਜ਼ਮੀਨਾਂ ਦਾ ਐਵਾਰਡ ਸੁਣਾ ਦਿੱਤਾ ਜਾਵੇਗਾ। ਗਮਾਡਾ ਇਹ ਜ਼ਮੀਨ ਪੁਰਾਣੀ ਲੈਂਡ ਪੂਲਿੰਗ ਨੀਤੀ ਤਹਿਤ ਹੀ ਲੈ ਰਿਹਾ ਹੈ। ਗਮਾਡਾ ਨੇ ਇਨ੍ਹਾਂ ਅੱਠ ਪਿੰਡਾਂ ਦੀ ਪਿੰਡ ਪੱਧਰ ’ਤੇ ਜਾ ਕੇ ਜਨਤਕ ਸੁਣਵਾਈ ਕਰਨ ਲਈ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ ਪ੍ਰਭਾਵਿਤ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਇਤਰਾਜ਼ ਸੁਣਨਗੇ। ਮਾਹਿਰਾਂ ਨੇ ਇਸ ਪ੍ਰਾਜੈਕਟ ਦੇ ਸਮਾਜਿਕ ਪ੍ਰਭਾਵ ਮੁਲਾਂਕਣ ਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ।

ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਜਾਰੀ ਸ਼ਡਿਊਲ ਮੁਤਾਬਕ 21 ਜਨਵਰੀ ਨੂੰ ਪਿੰਡ ਕੁਰੜੀ (ਸਵੇਰੇ 11:30 ਵਜੇ), 23 ਜਨਵਰੀ ਨੂੰ ਪਿੰਡ ਪੱਤੋਂ (11:00 ਵਜੇ) ਤੇ ਸਿਆਊ (12:30 ਵਜੇ) ਅਤੇ 28 ਜਨਵਰੀ ਨੂੰ ਪਿੰਡ ਬੜੀ (11:00 ਵਜੇ) ਤੇ ਮਟਰਾਂ (12:30 ਵਜੇ) ਵਿੱਚ ਜਨਤਕ ਸੁਣਵਾਈ ਹੋਵੇਗੀ। ਇਸੇ ਤਰ੍ਹਾਂ 30 ਜਨਵਰੀ ਨੂੰ ਪਿੰਡ ਬਾਕਰਪੁਰ (11:30 ਵਜੇ) ਅਤੇ 2 ਫਰਵਰੀ ਨੂੰ ਪਿੰਡ ਛੱਤ (11:00 ਵਜੇ) ਤੇ ਕਿਸ਼ਨਪੁਰਾ (12:30 ਵਜੇ) ਵਿੱਚ ਅਧਿਕਾਰੀ ਪਹੁੰਚਣਗੇ।

ਕੇਂਦਰ ਤੋਂ ਐੱਨ ਓ ਸੀ ਲਈ ਕਾਰਵਾਈ ਵਿੱਢੀ

ਗਮਾਡਾ ਨੇ ਕੇਂਦਰ ਸਰਕਾਰ ਦੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਤੋਂ ਕਲੀਅਰੈਂਸ ਅਤੇ ਐੱਨ ਓ ਸੀ ਲੈਣ ਲਈ ਵੀ ਕਾਰਵਾਈ ਵਿੱਢ ਦਿੱਤੀ ਹੈ। ਪਹਿਲੇ ਪੜਾਅ ਤਹਿਤ ਸੈਕਟਰ 87 (201 ਏਕੜ), ਐਰੋਟ੍ਰੋਪੋਲਿਸ ਖੇਤਰ (355 ਏਕੜ) ਅਤੇ ਸੈਕਟਰ 103 (171 ਏਕੜ) ਲਈ ਸਰਟੀਫਿਕੇਟ ਲੈਣ ਵਾਸਤੇ ਸਲਾਹਕਾਰ ਨਿਯੁਕਤ ਕੀਤੇ ਜਾ ਰਹੇ ਹਨ। ਇਸ ਲਈ ਗਮਾਡਾ ਨੇ ਟੈਂਡਰ ਜਾਰੀ ਕਰ ਕੇ ਆਨਲਾਈਨ ਬੋਲੀਆਂ ਮੰਗੀਆਂ ਹਨ।

Share: