ਜਕਾਰਤਾ : ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਵਿੱਚ ਅਚਾਨਕ ਆਏ ਹੜ੍ਹਾਂ ਵਿੱਚ ਰੁੜ੍ਹ ਜਾਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਸਰਚ ਅਪਰੇਸ਼ਨ ਜਾਰੀ ਹੈ। ਸਥਾਨਕ ਬਚਾਅ ਏਜੰਸੀ ਦੇ ਬੁਲਾਰੇ ਨੂਰੀਆਦੀਨ ਗੁਮੇਲੰਗ ਨੇ ਦੱਸਿਆ ਕਿ ਸੋਮਵਾਰ ਤੜਕੇ ਪਏ ਭਾਰੀ ਮੀਂਹ ਕਾਰਨ ਸਿਆਊ ਟਾਪੂ ‘ਤੇ ਇਹ ਹੜ੍ਹ ਆਏ, ਜਿਸ ਵਿੱਚ 18 ਲੋਕ ਜ਼ਖਮੀ ਵੀ ਹੋਏ ਹਨ।
ਕੁਦਰਤੀ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ ਹੁਣ ਤੱਕ ਲਗਪਗ 444 ਲੋਕਾਂ ਨੂੰ ਸੁਰੱਖਿਅਤ ਕੱਢ ਕੇ ਸਥਾਨਕ ਸਕੂਲਾਂ ਅਤੇ ਚਰਚਾਂ ਵਿੱਚ ਭੇਜਿਆ ਗਿਆ ਹੈ। ਇਲਾਕੇ ਦੀਆਂ ਮੁੱਖ ਸੜਕਾਂ ਚਿੱਕੜ, ਮਲਬੇ ਅਤੇ ਪੱਥਰਾਂ ਨਾਲ ਭਰੀਆਂ ਹੋਈਆਂ ਹਨ, ਜਿਨ੍ਹਾਂ ਨੂੰ ਸਾਫ਼ ਕਰਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ। ਉੱਤਰੀ ਸੁਲਾਵੇਸੀ ਦੇ ਗਵਰਨਰ ਯੂਲੀਅਸ ਸੇਲਵਾਨਸ ਅਨੁਸਾਰ ਹੜ੍ਹਾਂ ਨੇ ਸੈਂਕੜੇ ਘਰਾਂ ਅਤੇ ਸਰਕਾਰੀ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਜਨਵਰੀ ਅਤੇ ਫਰਵਰੀ ਦੌਰਾਨ ਜਾਵਾ, ਸੁਲਾਵੇਸੀ ਅਤੇ ਪਾਪੂਆ ਵਰਗੇ ਟਾਪੂਆਂ ‘ਤੇ ਮਾਨਸੂਨ ਆਪਣੇ ਸਿਖਰ ‘ਤੇ ਹੋਵੇਗਾ, ਜਿਸ ਨਾਲ ਅਜਿਹੀਆਂ ਆਫ਼ਤਾਂ ਦਾ ਖਤਰਾ ਹੋਰ ਵਧ ਸਕਦਾ ਹੈ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਮਾਈਨਿੰਗ ਅਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਹੜ੍ਹਾਂ ਦਾ ਪ੍ਰਭਾਵ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਾਤਕ ਹੁੰਦਾ ਜਾ ਰਿਹਾ ਹੈ।
