ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਦੇਸ਼ ਦੀ ਆਰਥਿਕ ਨੀਂਹ ਕਾਫੀ ਮਜ਼ਬੂਤ ਹੋਈ ਹੈ। ਸਰਕਾਰ ਦੀਆਂ ਨੀਤੀਆਂ ਸਦਕਾ ਮਹਿੰਗਾਈ ਕਾਬੂ ਹੇਠ ਰਹੀ ਹੈ, ਨਾਗਰਿਕਾਂ ਦੀ ਆਮਦਨ ’ਚ ਵਾਧਾ ਹੋਇਆ ਤੇ ਖਰੀਦ ਸ਼ਕਤੀ ਵੀ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸੰਕਟਾਂ ਦੇ ਬਾਵਜੂਦ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ।
ਰਾਸ਼ਟਰਪਤੀ ਨੇ ਯੂਰੋਪੀਅਨ ਯੂਨੀਅਨ ਨਾਲ ਹੋਏ ਮੁਕਤ ਵਪਾਰ ਸਮਝੌਤੇ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਸ ਨਾਲ ਉਤਪਾਦਨ ਅਤੇ ਸੇਵਾ ਖੇਤਰ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ‘ਸੁਧਾਰਾਂ ਦੀ ਗੱਡੀ’ ’ਤੇ ਸਵਾਰ ਹੈ। ਪੁਰਾਣੇ ਨਿਯਮਾਂ ਵਿੱਚ ਭਵਿੱਖੀ ਲੋੜਾਂ ਅਨੁਸਾਰ ਤਬਦੀਲੀ ਕੀਤੀ ਜਾ ਰਹੀ ਹੈ। ਉਨ੍ਹਾਂ ਜੀ ਐੱਸ ਟੀ ਸੁਧਾਰਾਂ ਅਤੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨ ਦੇ ਫੈਸਲੇ ਨੂੰ ਮੱਧ ਵਰਗ ਲਈ ਵੱਡੀ ਰਾਹਤ ਦੱਸਿਆ। ਇਸੇ ਤਰ੍ਹਾਂ ਨਵੇਂ ਕਿਰਤ ਕਾਨੂੰਨਾਂ ਨਾਲ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ, ਗੁਰੂ ਤੇਗ ਬਹਾਦਰ ਦੇ 350ਵੀਂ ਸ਼ਹੀਦੀ ਦਿਹਾੜੇ ਅਤੇ ਬਿਰਸਾ ਮੁੰਡਾ ਤੇ ਸਰਦਾਰ ਵਲਭ ਭਾਈ ਪਟੇਲ ਨਾਲ ਸਬੰਧਤ ਸਮਾਗਮਾਂ ਦਾ ਵੀ ਜ਼ਿਕਰ ਵੀ ਕੀਤਾ।
ਖੇਤੀ ਖੇਤਰ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਸਰਕਾਰ ਦੀ ਪਹਿਲ ਹੈ। ਪੀ ਐੱਮ ਕਿਸਾਨ ਸਨਮਾਨ ਨਿਧੀ ਤਹਿਤ ਹੁਣ ਤੱਕ 4 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ ਹਨ। 2024-25 ਵਿੱਚ ਅਨਾਜ ਅਤੇ ਬਾਗਬਾਨੀ ਫਸਲਾਂ ਦੀ ਰਿਕਾਰਡ ਪੈਦਾਵਾਰ ਹੋਈ ਹੈ। ਉਨ੍ਹਾਂ ਮਸਨੂਈ ਬੌਧਿਕਤਾ (ਏ ਆਈ) ਦੀ ਦੁਰਵਰਤੋਂ, ਡੀਪਫੇਕ ਅਤੇ ਗਲਤ ਜਾਣਕਾਰੀ ਨੂੰ ਲੋਕਤੰਤਰ ਅਤੇ ਸਮਾਜਿਕ ਸਦਭਾਵਨਾ ਲਈ ਖਤਰਾ ਦੱਸਿਆ। ਉਨ੍ਹਾਂ ਕਿਹਾ ਕਿ 2025 ਵਿੱਚ ਚਾਰ ਹੋਰ ਸੈਮੀਕੰਡਕਟਰ ਯੂਨਿਟ ਮਨਜ਼ੂਰ ਕੀਤੇ ਗਏ ਹਨ, ਜਿਸ ਨਾਲ ਭਾਰਤ ਚਿੱਪ ਨਿਰਮਾਣ ਵਿੱਚ ਆਤਮਨਿਰਭਰ ਬਣ ਰਿਹਾ ਹੈ।
ਦੇਸ਼ ਜਲਦੀ ਨਕਸਲਵਾਦ ਮੁਕਤ ਹੋਵੇਗਾ: ਰਾਸ਼ਟਰਪਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਜਲਦੀ ਹੀ ਨਕਸਲੀ ਅਤਿਵਾਦ ਤੋਂ ਮੁਕਤ ਹੋ ਜਾਵੇਗਾ। ਪਹਿਲਾਂ ਦੇਸ਼ ਦੇ 126 ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ, ਪਰ ਹੁਣ ਇਹ ਚੁਣੌਤੀ ਸਿਰਫ਼ 8 ਜ਼ਿਲ੍ਹਿਆਂ ਤੱਕ ਸੀਮਤ ਰਹਿ ਗਈ ਹੈ। ਇਨ੍ਹਾਂ ’ਚੋਂ ਵੀ ਸਿਰਫ਼ 3 ਜ਼ਿਲ੍ਹੇ ਹੀ ਜ਼ਿਆਦਾ ਪ੍ਰਭਾਵਿਤ ਹਨ। ਪਿਛਲੇ ਸਾਲ ਵਿੱਚ 2000 ਨਕਸਲੀਆਂ ਨੇ ਹਥਿਆਰ ਸੁੱਟ ਕੇ ਮੁੱਖ ਧਾਰਾ ਵਿੱਚ ਵਾਪਸੀ ਕੀਤੀ ਹੈ।
ਰਾਸ਼ਟਰਪਤੀ ਦਾ ਭਾਸ਼ਣ ਸਰਕਾਰ ਦੇ ਝੂਠੇ ਦਾਅਵੇ: ਕਾਂਗਰਸ
ਕਾਂਗਰਸ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਕੀਤੇ ਸਾਂਝੇ ਸੰਬੋਧਨ ਤੋਂ ਬਾਅਦ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਦਾ ਦੋਸ਼ ਹੈ ਕਿ ਰਾਸ਼ਟਰਪਤੀ ਦਾ ਭਾਸ਼ਣ ਦਰਅਸਲ ਕੇਂਦਰੀ ਕੈਬਨਿਟ ਵੱਲੋਂ ਤਿਆਰ ਕੀਤਾ ਗਿਆ ਝੂਠੇ ਦਾਅਵਿਆਂ ਦਾ ਪੁਲੰਦਾ ਸੀ, ਜਿਸ ਨੂੰ ਹਰ ਸਾਲ ਰਸਮੀ ਤੌਰ ’ਤੇ ਰਾਸ਼ਟਰਪਤੀ ਕੋਲੋਂ ਪੜ੍ਹਵਾਇਆ ਜਾਂਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਪੁਰਾਣੇ ਦਾਅਵਿਆਂ ਨੂੰ ਹੀ ਨਵੀਂ ਪੈਕਿੰਗ ਵਿੱਚ ਪੇਸ਼ ਕਰ ਰਹੀ ਹੈ। ‘ਵਿਕਸਤ ਭਾਰਤ’ ਦਾ ਨਾਅਰਾ ਤਾਂ ਉੱਚੀ-ਉੱਚੀ ਲਾਇਆ ਜਾਂਦਾ ਹੈ, ਪਰ ਇਸ ਦਾ ਕੋਈ ਸਪੱਸ਼ਟ ਟੀਚਾ ਜਾਂ ਸਮਾਂ ਸੀਮਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਮਗਨਰੇਗਾ ਵਰਗੇ ਅਹਿਮ ਕਾਨੂੰਨ ਖਤਮ ਕਰ ਕੇ ਕਰੋੜਾਂ ਮਜ਼ਦੂਰਾਂ ਤੋਂ ਕੰਮ ਦਾ ਅਧਿਕਾਰ ਖੋਹ ਲਿਆ ਹੈ। ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ‘ਪੂਰੀ ਤਰ੍ਹਾਂ ਖੋਖਲਾ’ ਕਰਾਰ ਦਿੱਤਾ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਸ਼ਣ ਵਿੱਚ ਕੋਈ ਭਵਿੱਖੀ ਦ੍ਰਿਸ਼ਟੀਕੋਣ ਨਹੀਂ ਸੀ, ਸਗੋਂ ਸਿਰਫ ਕਥਿਤ ਪ੍ਰਾਪਤੀਆਂ ਦੀ ਸੂਚੀ ਪੜ੍ਹੀ ਗਈ।

