ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ’ਤੇ ਦੁਨੀਆ ਦਾ ਭਰੋਸਾ ਉਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਮਸਨੂਈ ਬੌਧਿਕਤਾ (ਏ ਆਈ) ਮਾਡਲ ਨੈਤਿਕ, ਨਿਰਪੱਖ, ਪਾਰਦਰਸ਼ੀ ਅਤੇ ਡੇਟਾ ਨਿੱਜਤਾ ਸਿਧਾਂਤ ’ਤੇ ਅਧਾਰਤ ਹੋਵੇ। ਸਟਾਰਟਅੱਪ ਨੂੰ ਭਾਰਤ ਤੋਂ ਆਲਮੀ ਅਗਵਾਈ ਲਈ ਕੰਮ ਕਰਨਾ ਚਾਹੀਦਾ ਹੈ। ਏ ਆਈ ਇੰਪੈਕਟ ਸਮਿਟ-2026 ਤੋਂ ਪਹਿਲਾਂ ਭਾਰਤੀ ਏ ਆਈ ਸਟਾਰਟਅੱਪਸ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਭਾਰਤੀ ਮਸਨੂਈ ਬੌਧਿਕਤਾ ਮਾਡਲ ਵਿਸ਼ੇਸ਼ ਹੋਣ ਚਾਹੀਦਾ ਹੈ ਅਤੇ ਉਸ ਨੂੰ ਸਥਾਨਕ, ਸਵਦੇਸ਼ੀ ਸਾਮਾਨ ਅਤੇ ਖੇਤਰੀ ਭਾਸ਼ਾਵਾਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
ਸਟਾਰਟਅੱਪ ਅਤੇ ਮਸਨੂਈ ਬੌਧਿਕਤਾ ਉੱਦਮੀ ਮੁਲਕ ਦੇ ਭਵਿੱਖ ਦੇ ਸਹਿ-ਨਿਰਮਾਤਾ ਹਨ। ਅਗਲੇ ਮਹੀਨੇ ਹੋਣ ਵਾਲੇ ‘ਏ ਆਈ ਫਾਰ ਆਲ: ਗਲੋਬਲ ਇੰਪੈਕਟ ਚੈਲੇਂਜ’ ਸ਼ਿਖਰ ਸੰਮੇਲਨ ਲਈ ਯੋਗਤਾ ਪੂਰੀ ਕਰਨ ਵਾਲੇ ਮੁਲਕ ਦੇ 12 ਸਟਾਰਟਅੱਪਸ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਬਦਲਾਅ ਲਿਆਉਣ ਦੇ ਖੇਤਰ ਵਿੱਚ ਮਸਨੂਈ ਬੌਧਿਕਤਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਗਲੇ ਮਹੀਨੇ ਮਸਨੂਈ ਬੌਧਿਕਤਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਰਾਹੀਂ ਤਕਨਾਲੋਜੀ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਏਗਾ। ਭਾਰਤ ਨੂੰ ਦੁਨੀਆ ਸਾਹਮਣੇ ਮਸਨੂਈ ਬੌਧਿਕਤਾ ਦਾ ਅਜਿਹਾ ਮਾਡਲ ਪੇਸ਼ ਕਰਨਾ ਚਾਹੀਦਾ ਹੈ ਜਿਹੜਾ ‘ਮੇਡ ਇਨ ਇੰਡੀਆ ਅਤੇ ਮੇਡ ਫਾਰ ਦਿ ਵਰਲਡ’ ਭਾਵਨਾ ’ਤੇ ਅਧਾਰਤ ਹੋਵੇ।

