ਨਵੀਂ ਦਿੱਲੀ/ਇਸਲਾਮਾਬਾਦ: ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਜਾਰੀ ਸਿਲਸਿਲਾ ਕਾਇਮ ਰਖਦਿਆਂ ਭਾਰਤ ਤੇ ਪਾਕਿਸਤਾਨ ਨੇ ਦੁਵੱਲੇ ਸਮਝੌਤੇ ਤਹਿਤ ਆਪਣੇ ਪਰਮਾਣੂ ਟਿਕਾਣਿਆਂ ਦੀ ਸੂਚੀ ਅੱਜ ਇੱਕ-ਦੂਜੇ ਨਾਲ ਸਾਂਝੀ ਕੀਤੀ ਹੈ। ਇਹ ਸੂਚੀ ਅਜਿਹੇ ਸਮੇਂ ਸਾਂਝੀ ਕੀਤੀ ਗਈ ਹੈ ਜਦੋਂ ਪਿਛਲੇ ਸਾਲ ਮਈ ’ਚ ਚਾਰ ਦਿਨ ਤੱਕ ਚੱਲੇ ਫੌਜੀ ਸੰਘਰਸ਼ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਤਣਾਅ ਭਰੇ ਬਣੇ ਹੋਏ ਹਨ। ਦੋਵਾਂ ਮੁਲਕਾਂ ਨੇ ਆਮ ਕੈਦੀਆਂ ਤੇ ਹਿਰਾਸਤ ’ਚ ਲਏ ਗਏ ਮਛੇਰਿਆਂ ਦੀਆਂ ਸੂਚੀਆਂ ਵੀ ਸਾਂਝੀਆਂ ਕੀਤੀਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੂਚੀ ਦਾ ਲੈਣ-ਦੇਣ ਪਰਮਾਣੂ ਟਿਕਾਣਿਆਂ ’ਤੇ ਹਮਲੇ ਰੋਕਣ ਵਾਲੇ ਸਮਝੌਤੇ ਤਹਿਤ ਕੀਤਾ ਗਿਆ ਹੈ। ਨਵੀਂ ਦਿੱਲੀ ਤੇ ਇਸਲਾਮਾਬਾਦ ਨੇ ਇਸ ਸਬੰਧੀ ਸਮਝੌਤੇ ’ਤੇ 31 ਦਸੰਬਰ 1988 ਨੂੰ ਦਸਤਖ਼ਤ ਕੀਤੇ ਸਨ ਅਤੇ 27 ਜਨਵਰੀ 1991 ਨੂੰ ਸਮਝੌਤਾ ਲਾਗੂ ਹੋਇਆ ਸੀ। ਦੋਵਾਂ ਮੁਲਕਾਂ ਵਿਚਾਲੇ ਅਜਿਹੀਆਂ ਸੂਚੀਆਂ ਦਾ ਇਹ ਲਗਾਤਾਰ 35ਵਾਂ ਲੈਣ-ਦੇਣ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਵੱਲੇ ਕੌਂਸਲਰ ਰਸਾਈ ਸਮਝੌਤੇ 2008 ਤਹਿਤ ਭਾਰਤ ਤੇ ਪਾਕਿਸਤਾਨ ਨੇ ਅੱਜ ਇੱਕ-ਦੂਜੇ ਦੀ ਹਿਰਾਸਤ ’ਚ ਮੌਜੂਦ ਆਮ ਕੈਦੀਆਂ ਤੇ ਮਛੇਰਿਆਂ ਦੀ ਸੂਚੀ ਵੀ ਸਾਂਝੀ ਕੀਤੀ ਹੈ। ਭਾਰਤ ਨੇ ਆਪਣੀ ਹਿਰਾਸਤ ’ਚ ਮੌਜੂਦ 391 ਆਮ ਕੈਦੀਆਂ ਤੇ 33 ਮਛੇਰਿਆਂ ਦੀ ਸੂਚੀ ਸਾਂਝੀ ਕੀਤੀ ਹੈ ਅਤੇ ਪਾਕਿਸਤਾਨ ਨੇ 58 ਆਮ ਕੈਦੀਆਂ ਤੇ 199 ਮਛੇਰਿਆਂ ਦੇ ਹਿਰਾਸਤ ’ਚ ਹੋਣ ਦੀ ਜਾਣਕਾਰੀ ਦਿੱਤੀ ਹੈ। ਭਾਰਤ ਨੇ ਪਾਕਿਸਤਾਨ ਨੂੰ 167 ਭਾਰਤੀ ਮਛੇਰਿਆਂ ਤੇ ਆਮ ਕੈਦੀਆਂ ਨੂੰ ਉਨ੍ਹਾਂ ਦੀ ਜੇਲ੍ਹ ’ਚ ਸਜ਼ਾ ਪੂਰੀ ਹੋਣ ’ਤੇ ਰਿਹਾਅ ਕਰਕੇ ਵਤਨ ਵਾਪਸ ਭੇਜਣ ਦੀ ਅਪੀਲ ਕੀਤੀ ਹੈ।
Posted inNews