ਬੰਗਲਾਦੇਸ਼ ਵਿੱਚ ਹਿੰਦੂ ਵਪਾਰੀ ਦੀ ਹੱਤਿਆ

ਢਾਕਾ: ਬੰਗਲਾਦੇਸ਼ ਦੇ ਜੇਸੋਰ ਜ਼ਿਲ੍ਹੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਹਿੰਦੂ ਵਪਾਰੀ ਦੀ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਹਿੰਦੀ ਅਖ਼ਬਾਰ ‘ਦੈਨਿਕ ਬੀ ਡੀ ਖ਼ਬਰ’ ਦਾ ਕਾਰਜਕਾਰੀ ਸੰਪਾਦਕ ਸੀ। ਮ੍ਰਿਤਕ ਦੀ ਪਛਾਣ ਰਾਣਾ ਪ੍ਰਤਾਪ ਬੈਰਾਗੀ (38) ਵਜੋਂ ਹੋਈ ਹੈ ਜੋ ਜੇਸੋਰ ਦੇ ਉਪ ਜ਼ਿਲ੍ਹਾ ਕੇਸ਼ਬਪੁਰ ਦੇ ਪਿੰਡ ਅਰੂਆ ਦਾ ਵਸਨੀਕ ਸੀ। ਉਸ ਦੀ ਮਨੀਰਾਮਪੁਰ ਦੇ ਕੋਪਾਲੀਆ ਬਾਜ਼ਾਰ ਵਿੱਚ ਬਰਫ਼ ਫੈਕਟਰੀ ਵੀ ਸੀ। ਇਹ ਘਟਨਾ ਸੋਮਵਾਰ ਸ਼ਾਮ ਪੌਣੇ ਛੇ ਵਜੇ ਦੇ ਕਰੀਬ ਕਪਾਲੀਆ ਬਾਜ਼ਾਰ ਵਿੱਚ ਵਾਪਰੀ। ਸਥਾਨਕ ਲੋਕਾਂ ਤੇ ਪੁਲੀਸ ਅਨੁਸਾਰ ਮੋਟਰਸਾਈਕਲ ’ਤੇ ਆਏ ਤਿੰਨ ਵਿਅਕਤੀਆਂ ਨੇ ਉਸ ਨੂੰ ਬਰਫ ਫੈਕਟਰੀ ਤੋਂ ਬੁਲਾਇਆ ਤੇ ਉਸ ਨੂੰ ਕਪਾਲੀਆ ਕਲੀਨਿਕ ਨੇੜੇ ਲੈ ਗਏ, ਜਿਥੇ ਉਹ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਉਸ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰੀਆਂ ਤੇ ਉਸ ਦੀ ਗਰਦਨ ਵੱਢ ਦਿੱਤੀ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਬੈਰਾਗੀ ਖਿਲਾਫ਼ ਦੋ ਥਾਣਿਆਂ ਵਿੱਚ ਚਾਰ ਕੇਸ ਦਰਜ ਹਨ।

Share: