ਵੈਨਕੂਵਰ: ਯੂਰਪੀਅਨ ਦੇਸ਼ ਆਸਟਰੀਆ ਵਿੱਚ ਹੋਈ ਭਾਰੀ ਬਰਫ਼ਬਾਰੀ ਨੇ ਹਵਾਈ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖ਼ਰਾਬ ਮੌਸਮ ਦੇ ਚੱਲਦਿਆਂ ਵਿਆਨਾ ਹਵਾਈ ਅੱਡੇ ਨੂੰ ਲਗਭਗ 16 ਘੰਟਿਆਂ ਲਈ ਬੰਦ ਕਰਨਾ ਪਿਆ, ਜਿਸ ਦਾ ਸਿੱਧਾ ਅਸਰ ਭਾਰਤ ਤੋਂ ਅਮਰੀਕਾ ਅਤੇ ਕੈਨੇਡਾ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ’ਤੇ ਪਿਆ ਹੈ। ਹਵਾਈ ਅੱਡਾ ਬੰਦ ਹੋਣ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈਆਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ, ਜਿਸ ਕਾਰਨ ਸੈਂਕੜੇ ਯਾਤਰੀ ਘੰਟਿਆਂ ਬੱਧੀ ਪਰੇਸ਼ਾਨ ਹੁੰਦੇ ਰਹੇ। ਦਰਅਸਲ, ਪਾਕਿਸਤਾਨ ਵੱਲੋਂ ਆਪਣਾ ਹਵਾਈ ਖੇਤਰ (Airspace) ਭਾਰਤੀ ਜਹਾਜ਼ਾਂ ਲਈ ਬੰਦ ਕੀਤੇ ਜਾਣ ਕਾਰਨ, ਏਅਰ ਇੰਡੀਆ ਦੀਆਂ ਲੰਬੀ ਦੂਰੀ ਦੀਆਂ ਉਡਾਣਾਂ ਨੂੰ ਲੰਬੇ ਰੂਟ ਤੋਂ ਹੋ ਕੇ ਜਾਣਾ ਪੈਂਦਾ ਹੈ। ਇਸੇ ਕਾਰਨ ਦਿੱਲੀ ਅਤੇ ਮੁੰਬਈ ਤੋਂ ਟੋਰਾਂਟੋ, ਵੈਨਕੂਵਰ ਅਤੇ ਨਿਊਯਾਰਕ ਜਾਣ ਵਾਲੇ ਜਹਾਜ਼ ਰਸਤੇ ਵਿੱਚ ਤੇਲ ਭਰਵਾਉਣ ਲਈ ਵਿਆਨਾ ਵਿਖੇ ਰੁਕਦੇ ਹਨ। ਬਰਫ਼ਬਾਰੀ ਕਾਰਨ ਇਹ ਸਿਲਸਿਲਾ ਰੁਕ ਗਿਆ, ਜਿਸ ਨਾਲ ਦਿੱਲੀ ਤੋਂ ਟੋਰਾਂਟੋ ਜਾ ਰਹੀ ਉਡਾਣ AI 187 ਨੂੰ ਵਿਆਨਾ ਦੀ ਬਜਾਏ ਫਰੈਂਕਫਰਟ ਉਤਾਰਿਆ ਗਿਆ। ਇਹ ਜਹਾਜ਼ ਆਪਣੇ ਨਿਰਧਾਰਿਤ ਸਮੇਂ ਤੋਂ 8 ਘੰਟੇ ਦੀ ਦੇਰੀ ਨਾਲ ਅਗਲੇ ਸਫਰ ਲਈ ਰਵਾਨਾ ਹੋ ਸਕਿਆ। ਇਸ ਦੇਰੀ ਦਾ ਅਸਰ ਵਾਪਸੀ ਦੀਆਂ ਉਡਾਣਾਂ ’ਤੇ ਵੀ ਦੇਖਣ ਨੂੰ ਮਿਲਿਆ। ਟੋਰਾਂਟੋ ਤੋਂ ਦਿੱਲੀ ਮੁੜਨ ਵਾਲੀ ਉਡਾਣ AI 188, ਜਿਸ ਨੇ ਦੁਪਹਿਰ 1 ਵਜੇ ਰਵਾਨਾ ਹੋਣਾ ਸੀ, ਉਹ ਰਾਤ 9 ਵਜੇ ਹੀ ਉਡਾਣ ਭਰ ਸਕੀ। ਇਸੇ ਤਰ੍ਹਾਂ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਉਡਾਣ AI 186 ਨੂੰ ਵੀ ਤੇਲ ਭਰਵਾਉਣ ਲਈ ਕਿਸੇ ਹੋਰ ਹਵਾਈ ਅੱਡੇ ਦਾ ਰੁਖ਼ ਕਰਨਾ ਪਿਆ। ਹਵਾਈ ਅੱਡਿਆਂ ’ਤੇ ਫਸੇ ਯਾਤਰੀਆਂ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਅਚਾਨਕ ਆਈ ਤਬਦੀਲੀ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Posted inAustralia
ਆਸਟਰੀਆ ’ਚ ਭਾਰੀ ਬਰਫ਼ਬਾਰੀ ਦਾ ਕਹਿਰ: ਭਾਰਤੀ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ
