ਇਥੋਂ ਦੇ ਹਰਮਨ ਨਗਰ ਵਿੱਚ ਬੀਤੀ ਰਾਤ ਮਸ਼ਹੂਰ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਪਤਨੀ ਅਤੇ ਦੋ ਮਾਸੂਮ ਬੱਚਿਆਂ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਪਰਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰਾਂ ਨੇ ਦੱਸਿਆ ਕਿ ਸਵੇਰੇ ਜਦੋਂ ਕਾਫ਼ੀ ਦੇਰ ਮਕਾਨ ਮਾਲਕ ਅਮਨਦੀਪ ਸਿੰਘ ਅਤੇ ਉਸ ਦਾ ਪਰਿਵਾਰ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੇ ਬੂਹਾ ਖੜਕਾਇਆ। ਕਾਫ਼ੀ ਦੇਰ ਬੂਹਾ ਖੜਕਾਉਣ ’ਤੇ ਵੀ ਜਦੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ। ਮੁਹੱਲਾ ਵਾਸੀਆਂ ਦੀ ਮਦਦ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਚਾਰਾਂ ਦੀਆਂ ਖੂਨ ਨਾਲ ਭਿੱਜੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਪੁਲੀਸ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਨਦੀਪ, ਉਸ ਦੀ ਪਤਨੀ ਜਸਵੀਰ ਕੌਰ, ਦੋ ਬੱਚੀਆਂ ਮਨਵੀਰ ਅਤੇ ਪਰਨੀਤ (6 ਤੋਂ 10 ਸਾਲ) ਵਜੋਂ ਹੋਈ ਹੈ। ਲਾਸ਼ਾਂ ਨੇੜਿਓਂ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਗੋਲੀਬਾਰੀ ਜਾਂ ਬਾਹਰੀ ਹਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਘਟਨਾ ਕਾਰਨ ਇਲਾਕੇ ਵਿੱਚ ਸੋਗ ਹੈ।
Posted inFirozpur
ਫਿਰੋਜ਼ਪੁਰ: ਸੈਲੂਨ ਮਾਲਕ ਵੱਲੋਂ ਪਤਨੀ ਤੇ ਦੋ ਬੱਚਿਆਂ ਸਣੇ ਖ਼ੁਦਕੁਸ਼ੀ

