ਨਵੀਂ ਦਿੱਲੀ: ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਦਿਆਲ ਸਿੰਘ (ਈਵਨਿੰਗ) ਕਾਲਜ ਦਾ ਨਾਮ ਬਦਲਣ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਹੈ। ਅਧਿਆਪਕ ਜਥੇਬੰਦੀ ਨੇ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਨੂੰ ਪੱਤਰ ਲਿਖ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਕਾਨੂੰਨੀ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਚੁੱਕਿਆ ਗਿਆ ਹੈ ਅਤੇ ਇਸ ਵਿੱਚ ਪ੍ਰਮੁੱਖ ਹਿੱਸੇਦਾਰਾਂ ਦੀ ਰਾਏ ਨਹੀਂ ਲਈ ਗਈ। ਡੀ ਟੀ ਐੱਫ ਮੁਤਾਬਕ ਕਿਸੇ ਵੀ ਕਾਲਜ ਦਾ ਨਾਮ ਬਦਲਣ ਦਾ ਅਧਿਕਾਰ ਸਿਰਫ਼ ਕਾਰਜਕਾਰੀ ਕੌਂਸਲ ਕੋਲ ਹੈ, ਪਰ ਉਪ ਕੁਲਪਤੀ ਨੇ ਇਸ ਦਾ ਐਲਾਨ ਦਸੰਬਰ 2025 ਵਿੱਚ ਸਮਾਗਮ ਦੌਰਾਨ ਆਪਣੇ ਪੱਧਰ ’ਤੇ ਹੀ ਕਰ ਦਿੱਤਾ ਸੀ। ਜਥੇਬੰਦੀ ਨੇ 8 ਜਨਵਰੀ ਨੂੰ ਕਾਲਜ ਦੀ ਸਟਾਫ਼ ਐਸੋਸੀਏਸ਼ਨ ਵੱਲੋਂ ਪਾਸ ਕੀਤੇ ਮਤੇ ਦਾ ਹਵਾਲਾ ਦਿੱਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਗਵਰਨਿੰਗ ਬਾਡੀ ਅਤੇ ਪ੍ਰਿੰਸੀਪਲ ਦਫ਼ਤਰ ਨੇ ਸਟਾਫ਼ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਹੀ ਨਾਮ ਬਦਲਣ ਦੀ ਤਜਵੀਜ਼ ਯੂਨੀਵਰਸਿਟੀ ਨੂੰ ਭੇਜ ਦਿੱਤੀ।
ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਵਿੱਚ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਯਾਦ ਕਰਵਾਇਆ ਕਿ 2017 ਵਿੱਚ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਭਾਰੀ ਵਿਰੋਧ ਹੋਇਆ ਸੀ। ਡੀ ਟੀ ਐੱਫ ਨੇ ਚੇਤਾਵਨੀ ਦਿੱਤੀ ਕਿ ਇਸ ਕਦਮ ਨਾਲ ਕਾਲਜ ਦੀ ਕਾਨੂੰਨੀ ਮਾਨਤਾ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਨਾਮ ਬਦਲਣ ਦੀ ਪ੍ਰਕਿਰਿਆ ਤੁਰੰਤ ਰੋਕਣ ਅਤੇ ਤਜਵੀਜ਼ ਬਿਨਾਂ ਸ਼ਰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੰਗ ਦਾ ਕਾਰਜਕਾਰੀ ਕੌਂਸਲ, ਅਕਾਦਮਿਕ ਕੌਂਸਲ ਅਤੇ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਸਮਰਥਨ ਕੀਤਾ ਹੈ।
