ਸੁਦਰਸ਼ਨ ਚੱਕਰ ’ਚ ਡੀ ਆਰ ਡੀ ਓ ਦੀ ਅਹਿਮ ਭੂਮਿਕਾ: ਰਾਜਨਾਥ

ਸੁਦਰਸ਼ਨ ਚੱਕਰ ’ਚ ਡੀ ਆਰ ਡੀ ਓ ਦੀ ਅਹਿਮ ਭੂਮਿਕਾ: ਰਾਜਨਾਥ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਡੀ ਆਰ ਡੀ ਓ ਵੱਲੋਂ ਵਿਕਸਤ ਕੀਤੀਆਂ ਗਈਆਂ ਹਥਿਆਰ ਪ੍ਰਣਾਲੀਆਂ ਨੇ ਅਪਰੇਸ਼ਨ ਸਿੰਧੂਰ ਦੌਰਾਨ ਫੈਸਲਾਕੁਨ ਭੂਮਿਕਾ ਨਿਭਾਈ ਹੈ ਜੋ ਕੌਮੀ ਹਿੱਤਾਂ ਦੀ ਰਾਖੀ ਲਈ ਸੰਗਠਨ ਦੀ ਪੇਸ਼ੇਵਰਾਨਾ ਵਚਨਬੱਧਤਾ ਦਾ ਪ੍ਰਮਾਣ ਹੈ। ਡੀ ਆਰ ਡੀ ਓ ਦੇ 68ਵੇਂ ਸਥਾਪਨਾ ਦਿਵਸ ਮੌਕੇ ਇੱਥੇ ਮੁੱਖ ਦਫ਼ਤਰ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਇਹ ਸੰਗਠਨ ‘ਸੁਦਰਸ਼ਨ ਚੱਕਰ’ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੰਗਠਨ ਇਸ ਟੀਚੇ ਨੂੰ ਜਲਦੀ ਹਾਸਲ ਕਰਨ ਲਈ ਪੂਰੇ ਦਿਲ ਨਾਲ ਕੰਮ ਕਰੇਗਾ। ਮਿਸ਼ਨ ਸੁਦਰਸ਼ਨ ਚੱਕਰ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ਵਿੱਚ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਆਜ਼ਾਦੀ ਦਿਹਾੜੇ ਦੇ ਸੰਬੋਧਨ ਦੌਰਾਨ ਕੀਤਾ ਸੀ। ਉਨ੍ਹਾਂ ਮੀਟਿੰਗ ਦੌਰਾਨ ਕਿਹਾ, ‘‘ਇਸ ਪਹਿਲਕਦਮੀ ਤਹਿਤ, ਡੀ ਆਰ ਡੀ ਓ ਅਗਲੇ ਦਹਾਕੇ ਵਿੱਚ ਮੁਕੰਮਲ ਹਵਾਈ ਸੁਰੱਖਿਆ ਯਕੀਨੀ ਬਣਾਉਣ ਲਈ ਸਾਡੇ ਮਹੱਤਵਪੂਰਨ ਟਿਕਾਣਿਆਂ ਨੂੰ ਹਵਾਈ ਸੁਰੱਖਿਆ ਪ੍ਰਣਾਲੀ ਨਾਲ ਲੈਸ ਕਰਨ ਲਈ ਜ਼ਿੰਮੇਵਾਰ ਹੈ। ਅਸੀਂ ਅਪਰੇਸ਼ਨ ਸਿੰਧੂਰ ਦੌਰਾਨ ਆਧੁਨਿਕ ਜੰਗ ’ਚ ਹਵਾਈ ਰੱਖਿਆ ਦੀ ਮਹੱਤਤਾ ਨੂੰ ਦੇਖਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਡੀ ਆਰ ਡੀ ਓ ਇਸ ਟੀਚੇ ਨੂੰ ਜਲਦੀ ਪੂਰਾ ਕਰਨ ਲਈ ਪੂਰੀ ਮਿਹਨਤ ਕਰੇਗਾ।’’ ਸ੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ ਓ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਵਾਤਾਵਰਨ ਨਾਲ ਅੱਗੇ ਵਧਦੇ ਰਹਿਣ ਅਤੇ ਬਦਲਦੇ ਸਮੇਂ ਮੁਤਾਬਕ ਉਤਪਾਦ ਤਿਆਰ ਕਰਨ ਦਾ ਸੱਦਾ ਦਿੱਤਾ।

Share: