ਲੁਧਿਆਣਾ ਅੰਦਰਲੇ ਇਲਾਕੇ ’ਚੋਂ ਬੁੱਢੇ ਦਰਿਆ ਦੀ ਸਫ਼ਾਈ ਸ਼ੁਰੂ

ਲੁਧਿਆਣਾ ਅੰਦਰਲੇ ਇਲਾਕੇ ’ਚੋਂ ਬੁੱਢੇ ਦਰਿਆ ਦੀ ਸਫ਼ਾਈ ਸ਼ੁਰੂ

ਲੁਧਿਆਣਾ: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੁਧਿਆਣਾ ਦੇ ਅੰਦਰੂਨੀ ਇਲਾਕੇ ਸ਼ਿਵਪੁਰੀ ’ਚ ਬੁੱਢੇ ਦਰਿਆ ਦੀ ਸਫ਼ਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਕਾਰ ਸੇਵਾ ਚੱਲ ਰਹੀ ਹੈ। ਠੰਢ ਦੇ ਬਾਵਜੂਦ ਸ਼ੁੱਕਰਵਾਰ ਨੂੰ ਸੰਤ ਸੀਚੇਵਾਲ ਖੁਦ ਪੋਕਲੇਨ ਮਸ਼ੀਨ ਨਾਲ ਬੁੱਢੇ ਦਰਿਆ ਦੀ ਸਫ਼ਾਈ ਵਿੱਚ ਜੁਟੇ ਹੋਏ ਸਨ।

ਸੰਤ ਸੀਚੇਵਾਲ ਨੇ ਦੱਸਿਆ ਕਿ ਬੀਤੇ ਵਰ੍ਹੇ 22 ਦਸੰਬਰ ਨੂੰ ਉਨ੍ਹਾਂ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਕਾਰ ਸੇਵਾ ਸ਼ੁਰੂ ਕਰਵਾਈ ਸੀ। ਪਹਿਲਾਂ ਤਾਜਪੁਰ ਰੋਡ ਵਾਲੇ ਪਾਸਿਓਂ ਦਰਿਆ ਨੂੰ ਸਾਫ਼ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਗਾਰ ਵਿੱਚੋਂ ਗੰਦਾ ਪਾਣੀ ਨਿਕਲਣ ਤੋਂ ਬਾਅਦ ਉਸ ਨੂੰ ਕੂੜੇ ਦੇ ਡੰਪ ’ਤੇ ਸੁੱਟਿਆ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਨੇੜੇ ਤਾਜਪੁਰ ਰੋਡ ’ਤੇ ਬਣੇ ਪੁੱਲ ਤੋਂ ਪਿੱਛੇ ਦਰਿਆ ਦੇ ਪਾਣੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਦਰਿਆ ਦੇ ਕੰਢਿਆਂ ’ਤੇ ਪੰਛੀ ਆਉਣੇ ਸ਼ੁਰੂ ਹੋ ਗਏ ਹਨ। ਸੰਗਤ ਘਾਟ ’ਤੇ ਪਿਛਲੇ ਸਾਲ ਜਿੱਥੇ ਪਾਣੀ ਦਾ ਟੀ ਡੀ ਐੱਸ 2000 ਤੋਂ ਉਪਰ ਹੁੰਦਾ ਸੀ, ਅੱਜ ਉਹ 120 ਤੋਂ 160 ਦੇ ਕਰੀਬ ਰਹਿ ਗਿਆ ਹੈ।

Share: