ਰਸੋਖਾਨਾ ਸਾਹਿਬ ਮਾਮਲੇ ’ਚ ਚੀਮਾ ਦਾ ਯੂ-ਟਰਨ

ਰਸੋਖਾਨਾ ਸਾਹਿਬ ਮਾਮਲੇ ’ਚ ਚੀਮਾ ਦਾ ਯੂ-ਟਰਨ

ਚੰਡੀਗਡ਼੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੰਗਾ ਦੇ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ 169 ਸਰੂਪਾਂ ਦੇ ਮਾਮਲੇ ’ਤੇ ਅੱਜ ਇੱਕ ਹੋਰ ‘ਯੂ-ਟਰਨ’ ਲੈ ਲਿਆ। ਬੀਤੇ ਦਿਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨਾਲ ਅਸਥਾਨ ਦਾ ਦੌਰਾ ਕਰਨ ਵਾਲੇ ਸ੍ਰੀ ਚੀਮਾ ਨੇ ਕਿਹਾ ਸੀ ਕਿ ਅਸਥਾਨ ’ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਸਬੰਧਤ ਰਿਕਾਰਡ ’ਚ ਕੋਈ ਅੰਤਰ ਨਹੀਂ ਪਰ ਅੱਜ ਉਨ੍ਹਾਂ ਕਿਹਾ ਕਿ ਇਹ ਤਸਦੀਕ ਪੰਜਾਬ ਸਰਕਾਰ ਨੇ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀਤੀ ਸੀ।

ਸ੍ਰੀ ਚੀਮਾ ਨੇ ਅੱਜ ਐਕਸ ’ਤੇ ਕਿਹਾ, ‘ਕੱਲ੍ਹ ਅਸੀਂ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਗਏ ਸੀ ਅਤੇ ਸਾਡੀ ਪ੍ਰਬੰਧਕ ਕਮੇਟੀ ਨਾਲ ਵਿਸਥਾਰ ਵਿੱਚ ਗੱਲਬਾਤ ਹੋਈ। ਉਨ੍ਹਾਂ ਸਾਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਦਿਨ ਪਹਿਲਾਂ ਉੱਥੇ ਆਏ ਸਨ। ਉਨ੍ਹਾਂ ਨੂੰ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ, ਰਿਕਾਰਡ ਦੀ ਦਰੁਸਤਗੀ ਬਾਰੇ ਦੱਸ ਦਿੱਤਾ ਸੀ ਕਿ ਇਸ ਜਗ੍ਹਾ ’ਤੇ ਬਿਰਾਜਮਾਨ ਬਹੁਤੇ ਸਰੂਪ ਉਨ੍ਹਾਂ ਸਾਲਾਂ ਦੇ ਹਨ ਜਦੋਂ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਇਨ੍ਹਾਂ ਦੀ ਛਪਾਈ ਹੋਰ ਜਗ੍ਹਾ ਵੀ ਹੁੰਦੀ ਸੀ।’ ਉਨ੍ਹਾਂ ਕਿਹਾ, ‘ਨਾਭ ਕੰਵਲ ਸਾਹਿਬ ਕਮੇਟੀ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਇਸ ਅਸਥਾਨ ਦੀ ਰਹਿਤ ਮਰਿਆਦਾ ਸਬੰਧੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਪੁਰਦਗੀ ਸਬੰਧੀ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਇਸ ਬਾਰੇ ਕਮੇਟੀ ਨੇ ਸਿਟ ਨੂੰ ਵੀ ਸੂਚਿਤ ਕਰ ਦਿੱਤਾ ਸੀ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ 328 ਲਾਪਤਾ ਸਰੂਪਾਂ ਸਬੰਧੀ ਬਣੀ ਸਿਟ ਦੀ ਜਾਂਚ ਨਿਰੰਤਰ ਜਾਰੀ ਹੈ ਤਾਂ ਜੋ ਬੇਨਿਯਮੀਆਂ ਦੀ ਤਹਿ ਤੱਕ ਜਾਇਆ ਜਾ ਸਕੇ।ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਕਾਨਫ਼ਰੰਸ ’ਤੇ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਨਾਲ ਬੰਗਾ ਦੇ ਰਸੋਖਾਨਾ ਨਾਭ ਕੰਵਲ ਰਾਜਾ ਸਾਹਿਬ ਗੁਰਦੁਆਰੇ ’ਚੋਂ ਮਿਲੇ 169 ਸਰੂਪਾਂ ’ਚੋਂ ਬਹੁਤੇ ਸਰੂਪਾਂ ਦਾ ਕੋਈ ਰਿਕਾਰਡ ਹੋਣ ਦਾ ਦਾਅਵਾ ਕੀਤਾ ਸੀ। ਇਸ ਬਿਆਨ ਤੋਂ ਬਾਅਦ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਆਉਂਦਿਆਂ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨਾਲ ਸਿਆਸੀ ਭੂਚਾਲ ਆ ਗਿਆ ਸੀ। ਸਥਿਤੀ ਸੰਭਾਲਣ ਲਈ ਚੀਮਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਧਾਰਮਿਕ ਅਸਥਾਨ ਦਾ ਦੌਰਾ ਕੀਤਾ।

ਦੌਰੇ ਮਗਰੋਂ ਸ੍ਰੀ ਚੀਮਾ ਨੇ ਕਿਹਾ ਸੀ ਕਿ ਸਿਟ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਸੂਚਨਾ ਦੇਣ ਵੇਲੇ ‘ਭੁਲੇਖਾ’ ਲੱਗ ਗਿਆ ਸੀ ਅਤੇ ਇੱਥੇ ਰਿਕਾਰਡ ਬਿਲਕੁਲ ਦਰੁਸਤ ਹੈ। ਮੁੱਖ ਮੰਤਰੀ ਪਹਿਲਾਂ ਆਖ ਚੁੱਕੇ ਸਨ ਕਿ ਬੰਗਾ ਦੇ ਇਸ ਅਸਥਾਨ ਤੋਂ ਮਿਲੇ ਸਰੂਪਾਂ ’ਚੋਂ 139 ਸਰੂਪਾਂ ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ। ਸੂਤਰਾਂ ਮੁਤਾਬਕ ਸ੍ਰੀ ਚੀਮਾ ਦਾ ਇਹ ਬਿਆਨ ‘ਆਪ’ ਦੀ ਹਾਈਕਮਾਂਡ ਨੂੰ ਪਸੰਦ ਨਹੀਂ ਆਇਆ, ਇਸ ਮਗਰੋਂ ਉਨ੍ਹਾਂ ਨੂੰ ਅੱਜ ਸਪੱਸ਼ਟੀਕਰਨ ਦੇਣਾ ਪਿਆ।

Share: