ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਇਥੇ ਸੈਕਟਰ 39 ਸਥਿਤ ਨਵੀਂ ਅਨਾਜ ਮੰਡੀ ਨਜ਼ਦੀਕ ਅੱਜ ਸਵੇਰੇ ਪੁਲੀਸ ਮੁਕਾਬਲੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਮੁਕਾਲਲੇ ਦੌਰਾਨ ਦੋ ਗੈਂਗਸਟਰਾਂ ਦੇ ਪੈਰਾਂ ਉੱਤੇ ਗੋਲੀ ਲੱਗੀ ਹੈ। ਜ਼ਖ਼ਮੀਆਂ ਨੂੰ ਪੁਲੀਸ ਨੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਜ਼ਖ਼ਮੀਆਂ ਦੀ ਪਛਾਣ ਰਾਹੁਲ ਅਤੇ ਰੌਕੀ ਵਜੋਂ ਹੋਈ ਹੈ ਜਦੋਂਕਿ ਤੀਜੇ ਦਾ ਨਾਂ ਪ੍ਰੀਤ ਦੱਸਿਆ ਗਿਆ ਹੈ। ਇਹ ਮੁਲਜ਼ਮ ਪਿਛਲੇ ਦਿਨੀਂ ਸੈਕਟਰ 32 ਵਿਚ ਫਾਰਮੇਸੀ ਦੀ ਦੁਕਾਨ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਲੋੜੀਂਦੇ ਸਨ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਤਿੰਨਾਂ ਗੈਂਗਸਟਰਾਂ ਵੱਲੋਂ ਜਲੰਧਰ ਵਿੱਚ ਬੀਤੀ ਰਾਤ ਕਿਸੇ ਵੱਡੇ ਕਾਰੋਬਾਰੀ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਤੋਂ ਬਾਅਦ ਇਹ ਉਥੋਂ ਫਰਾਰ ਹੋ ਕੇ ਚੰਡੀਗੜ੍ਹ ਆ ਰਹੇ ਸੀ। ਚੰਡੀਗੜ੍ਹ ਵਿੱਚ ਅੱਜ ਉਨ੍ਹਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਨ੍ਹਾਂ ਗੈਂਗਸਟਰਾਂ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਖਤੀ ਵਧਾ ਦਿੱਤੀ। ਪੁਲੀਸ ਵੱਲੋਂ ਇਕ ਨਾਕੇ ’ਤੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਸ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਕਾਰ ਭਜਾ ਲਈ। ਪੁਲੀਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਮੁਲਜ਼ਮਾਂ ਦੀ ਕਾਰ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਗੋਲੀਆਂ ਚਲਾ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵੱਲੋਂ ਪਿਛਲੇ ਦਿਨੀਂ ਸੈਕਟਰ 32 ਸਥਿਤ ਫਾਰਮੇਸੀ ਦੀ ਦੁਕਾਨ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਚੰਡੀਗੜ੍ਹ ਪੁਲੀਸ ਨੇ ਤਿੰਨਾਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
