ਪ੍ਰਧਾਨ ਮੰਤਰੀ ਦੇ ਨਾਂ ਦੀ ਦੁਰਵਰਤੋਂ ਦੇ ਦੋਸ਼ ’ਚ ਕੇਸ ਦਰਜ

ਨਵੀਂ ਦਿੱਲੀ: ਸੀ ਬੀ ਆਈ ਨੇ ਦੱਖਣੀ ਦਿੱਲੀ ਦੇ ਨਿਵਾਸੀ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਸਰਕਾਰੀ ਰੱਖਿਆ ਕੰਪਨੀਆਂ, ਖੋਜ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ, ਵਿਗਿਆਨੀਆਂ, ਇੱਥੋਂ ਤੱਕ ਕਿ ਅਮਰੀਕੀ ਜਲ ਸੈਨਾ ਦੇ ਇੱਕ ਚੋਟੀ ਦੇ ਅਧਿਕਾਰੀ ਨੂੰ ਈਮੇਲ ਭੇਜ ਕੇ ਦਾਅਵਾ ਕੀਤਾ ਕਿ ਉਹ ਭਾਰਤ ਲਈ ਲੜਾਕੂ ਜਹਾਜ਼ ਦਾ ਇੰਜਣ ਬਣਾਉਣਾ ਚਾਹੁੰਦਾ ਹੈ ਤੇ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਥ ਪ੍ਰਾਪਤ ਹੈ। ਵਸੰਤ ਕੁੰਜ ਦੇ ਰਹਿਣ ਵਾਲੇ ਨਿਸ਼ੀਥ ਕੋਹਲੀ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀ ਐੱਮ ਓ) ਤੱਕ ਵਿਸ਼ੇਸ਼ ਪਹੁੰਚ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਇੱਕ ਸਵਦੇਸ਼ੀ ਮਿਲਟਰੀ ਜੈੱਟ ਇੰਜਣ ਵਿਕਸਤ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਹੈ। ਮੁਲਜ਼ਮ ਨੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ ਕੇ ਮਿਸ਼ਰਾ ਦੇ ਨਾਂ ਦਾ ਵੀ ਹਵਾਲਾ ਦਿੱਤਾ।

Share: