ਲੁਧਿਆਣਾ: ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਦੀ ਕਥਿਤ ਦੁਰਵਰਤੋਂ ਸਬੰਧੀ ਸੋਸ਼ਲ ਮੀਡੀਆ ’ਤੇ ਗੁਮਰਾਹਕੁਨ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਸਾਈਬਰ ਕ੍ਰਾਈਮ ਪੁਲੀਸ ਨੇ 10 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੰਸਪੈਕਟਰ ਸਤਿਬੀਰ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਸੋਸ਼ਲ ਮੀਡੀਆ ਪੱਤਰਕਾਰ ਮਿੰਟੂ ਗੁਰੂਸਰੀਆ ਤੋਂ ਇਲਾਵਾ ਮਾਣਿਕ ਗੋਇਲ, ਹਰਮਨ ਫਾਰਮਰ, ਗਗਨ ਰਾਮਗੜ੍ਹੀਆ, ਮਨਦੀਪ ਮੱਕੜ, ਗੁਰਲਾਲ ਸਿੰਘ ਮਾਨ, ਸਨਾਮੂ ਧਾਲੀਵਾਲ, ਅਰਜਨ, ਦੀਪ ਮੰਗਲੀ ਅਤੇ ਲੋਕ ਆਵਾਜ਼ ਟੀਵੀ ਖ਼ਿਲਾਫ਼ ਦਰਜ ਕੀਤਾ ਗਿਆ ਹੈ।ਇੰਸਪੈਕਟਰ ਸਤਿਬੀਰ ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੇ ਜਪਾਨ ਅਤੇ ਦੱਖਣੀ ਕੋਰੀਆ ਦੇ ਸਰਕਾਰੀ ਦੌਰੇ ਦੌਰਾਨ ਉਨ੍ਹਾਂ ਦੇ ਹੈਲੀਕਾਪਟਰ ਦੀ ਵਰਤੋਂ ਕਿਸੇ ਹੋਰ ਕੰਮ ਲਈ ਕੀਤੀ ਗਈ ਸੀ ਪਰ ਜਾਂਚ ਦੌਰਾਨ ਇਹ ਦਾਅਵਾ ਝੂਠਾ ਨਿਕਲਿਆ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਫਲਾਈਟ ਨਾਲ ਸਬੰਧਤ ਜਾਣਕਾਰੀ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਚੋਣਵੀਂ ਜਾਣਕਾਰੀ ਦੇ ਆਧਾਰ ’ਤੇ ਗੁਮਰਾਹਕੁਨ ਕਹਾਣੀ ਬਣਾਈ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਬੰਧਤ ਸਮੇਂ ਦੌਰਾਨ ਹੈਲੀਕਾਪਟਰ ਦੀ ਵਰਤੋਂ ਕਿਸੇ ਅਧਿਕਾਰਤ ਅਧਿਕਾਰੀ ਨੇ ਹੀ ਕੀਤੀ ਸੀ, ਜਿਸ ਦੀ ਪੁਸ਼ਟੀ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਵੀ ਕੀਤੀ ਹੈ। ਇਸ ਸਬੰਧੀ ਐੱਫ ਆਈ ਆਰ 12 ਦਸੰਬਰ 2025 ਨੂੰ ਦਰਜ ਕੀਤੀ ਗਈ ਸੀ ਪਰ ਜਾਂਚ ਕਾਰਨ ਇਸ ਨੂੰ ਜਨਤਕ ਨਹੀਂ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਗ਼ਲਤ ਜਾਣਕਾਰੀ ਲੋਕਾਂ ਦਾ ਸਰਕਾਰੀ ਅਦਾਰਿਆਂ ’ਤੇ ਭਰੋਸਾ ਕਮਜ਼ੋਰ ਕਰ ਸਕਦੀ ਹੈ; ਇਸ ਕਥਿਤ ਪ੍ਰਚਾਰ ਵਿੱਚ ਹੋਰ ਕੌਣ-ਕੌਣ ਸ਼ਾਮਲ ਸਨ, ਦੀ ਜਾਂਚ ਕੀਤੀ ਜਾ ਰਹੀ ਹੈ।
Posted inNews
