ਕਾਰ ਵਿੱਚ ਕਿਲਕਾਰੀ: ਜੀਹਦੇ ਲਈ ਪੰਜਾਬੀ ਜਾਣੇ ਜਾਂਦੇ ਨੇ

ਕਾਰ ਵਿੱਚ ਕਿਲਕਾਰੀ: ਜੀਹਦੇ ਲਈ ਪੰਜਾਬੀ ਜਾਣੇ ਜਾਂਦੇ ਨੇ

ਟੋਰਾਂਟੋ: ਭਾਰਤੀ ਮੂਲ ਦੇ ਕੈਬ ਡਰਾਈਵਰ ਨੇ ਸਰਦੀ ਦੀ ਠੰਢੀ ਰਾਤ ਇੱਕ ਜੋੜੇ ਜਿਸ ਵਿੱਚ ਗਰਭਵਤੀ ਔਰਤ ਸ਼ਾਮਲ ਸੀ, ਨੂੰ ਆਪਣੀ ਟੈਕਸੀ ਵਿੱਚ ਬਿਠਾਇਆ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਰਸਤੇ ਵਿੱਚ ਔਰਤ ਨੇ ਟੈਕਸੀ ਦੇ ਅੰਦਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਟੈਕਸੀ ਚਾਲਕ ਨੇ ਤਿੰਨੋਂ ਜੀਆਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ।

ਗਲੋਬਲ ਨਿਊਜ਼ ਦੀ ਖ਼ਬਰ ਅਨੁਸਾਰ, ਕੈਲਗਰੀ ਦੇ ਟੈਕਸੀ ਚਾਲਕ ਹਰਦੀਪ ਸਿੰਘ ਤੂਰ ਨੇ ਪਿਛਲੇ ਸ਼ਨਿਚਰਵਾਰ ਦੇਰ ਰਾਤ ਹਸਪਤਾਲ ਜਾਣ ਲਈ ਐਮਰਜੈਂਸੀ ਕਾਲ ਦਾ ਜਵਾਬ ਦਿੱਤਾ। ਸੀ ਟੀ ਵੀ ਨੇ ਤੂਰ ਦੇ ਹਵਾਲੇ ਨਾਲ ਕਿਹਾ, “ਉਹ ਗਰਭਵਤੀ ਔਰਤ ਸੀ ਅਤੇ ਉਸ ਦਾ ਸਾਥੀ ਉਸ ਨੂੰ ਟੈਕਸੀ ਵਿੱਚ ਬੈਠਣ ’ਚ ਮਦਦ ਕਰ ਰਿਹਾ ਸੀ। ਉਹ ਬਹੁਤ ਦਰਦ ਵਿੱਚ ਸੀ।” ਤੂਰ ਨੇ ਜੋੜੇ ਦੀ ਹਾਲਤ ਦੇਖਦੇ ਹੀ ਸਥਿਤੀ ਦੀ ਗੰਭੀਰਤਾ ਸਮਝ ਲਈ। ਉਸ ਨੇ ਸੀ ਟੀ ਵੀ ਨੂੰ ਦੱਸਿਆ, ‘‘ਮੇਰੇ ਮਨ ਵਿੱਚ ਆਇਆ ਕਿ ਐਂਬੂਲੈਂਸ ਸੱਦਣੀ ਚਾਹੀਦੀ ਹੈ ਪਰ ਮੌਸਮ ਨੂੰ ਦੇਖਦਿਆਂ ਮੈਨੂੰ ਲੱਗਿਆ ਕਿ ਸ਼ਾਇਦ ਇਹ ਸਹੀ ਫੈਸਲਾ ਨਹੀਂ ਹੋਵੇਗਾ। ਔਰਤ ਦੀ ਹਾਲਤ ਦੱਸ ਰਹੀ ਸੀ ਕਿ ਉਸ ਕੋਲ ਜ਼ਿਆਦਾ ਸਮਾਂ ਨਹੀਂ, ਇਸ ਲਈ ਮੈਂ ਖੁਦ ਹੀ ਗੱਡੀ ਚਲਾਉਣ ਦਾ ਫੈਸਲਾ ਕੀਤਾ।’’

ਤੂਰ ਨੇ ਯਾਦ ਕਰਦਿਆਂ ਦੱਸਿਆ ਕਿ ਹਸਪਤਾਲ ਤੱਕ ਦਾ ਉਹ 30 ਮਿੰਟ ਦਾ ਸਫ਼ਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਲੰਮਾ ਸਫ਼ਰ ਸੀ। ਪਿਛਲੀ ਸੀਟ ਤੋਂ ਚੀਕਾਂ ਸੁਣ ਰਹੀਆਂ ਸਨ ਅਤੇ ਰਸਤੇ ਵਿੱਚ ਆਉਂਦੀਆਂ ਲਾਲ ਬੱਤੀਆਂ ਉਸ ਦੇ ਸਬਰ ਦੀ ਪ੍ਰੀਖਿਆ ਲੈ ਰਹੀਆਂ ਸਨ। ਗਲੋਬਲ ਨਿਊਜ਼ ਅਨੁਸਾਰ, ਤਕਰੀਬਨ -23 ਡਿਗਰੀ ਤਾਪਮਾਨ, ਤੂਫਾਨੀ ਮੌਸਮ ਅਤੇ ਤਿਲਕਣ ਵਾਲੀਆਂ ਸੜਕਾਂ ਦੇ ਬਾਵਜੂਦ, ਤੂਰ ਦਾ ਇੱਕੋ-ਇੱਕ ਟੀਚਾ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ, ਸੁਰੱਖਿਅਤ ਹਸਪਤਾਲ ਪਹੁੰਚਾਉਣਾ ਸੀ।

Share: