Canada’s largest gold heist: : ਟੋਰਾਂਟੋ ਹਵਾਈ ਅੱਡੇ ’ਤੇ ਇਕ ਗ੍ਰਿਫ਼ਤਾਰ

Canada’s largest gold heist: : ਟੋਰਾਂਟੋ ਹਵਾਈ ਅੱਡੇ ’ਤੇ ਇਕ ਗ੍ਰਿਫ਼ਤਾਰ

ਚੰਡੀਗੜ੍ਹ: ਕੈਨੇਡਾ ਦੇ ਪੀਲ ਖੇਤਰ ਵਿੱਚ ਪੁਲੀਸ ਨੇ ਦੇਸ਼ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਨਾਲ ਸਬੰਧਤ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪ੍ਰਾਜੈਕਟ 24K ਸਬੰਧੀ ਜਾਂਚ ਵਿਚ ਲੋੜੀਂਦਾ ਸੀ। ਇਹ ਮਾਮਲਾ 2.2 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਬਾਰਾਂ ਦੀ ਚੋਰੀ ਨਾਲ ਸਬੰਧਤ ਹੈ। ਇਹ ਦੇਸ਼ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੈ। ਪੀਲ ਖੇਤਰੀ ਪੁਲੀਸ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ 43 ਸਾਲਾ ਅਰਸਲਾਨ ਚੌਧਰੀ ਨੂੰ ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ  ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਇੱਕ ਉਡਾਣ ਰਾਹੀਂ ਇੱਥੇ ਆਇਆ। ਪੁਲੀਸ ਨੇ ਕਿਹਾ ਹੈ ਕਿ ਚੌਧਰੀ ਦਾ ਕੋਈ ਪੱਕਾ ਪਤਾ ਨਹੀਂ ਹੈ। ਪਹਿਲਾਂ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਹ ਮਿਸੀਸਾਗਾ ਨਾਲ ਸਬੰਧਤ ਹੈ। ਉਸ ‘ਤੇ $5,000 ਤੋਂ ਵੱਧ ਦੀ ਚੋਰੀ, ਜਾਇਦਾਦ ’ਤੇ ਕਬਜ਼ਾ ਕਰਨ ਅਤੇ ਇੱਕ ਹੋਰ ਜਣੇ ਨਾਲ ਵਾਰਦਾਤ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ।

ਚੌਧਰੀ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ। ਇਹ ਮਾਮਲਾ 17 ਅਪਰੈਲ, 2023 ਦਾ ਹੈ, ਜਦੋਂ ਸਵਿਟਜ਼ਰਲੈਂਡ ਦੇ ਜ਼ਿਊਰਿਕ ਤੋਂ ਇੱਕ ਉਡਾਣ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਮਾਨ ਲੈ ਕੇ ਉਤਰੀ ਜਿਸ ਵਿਚ 400 ਕਿਲੋ ਦੇ .9999-ਸ਼ੁੱਧ ਸੋਨੇ ਦੀ ਖੇਪ ਸੀ। ਇਸ ਵਿਚ 6,600 ਸੋਨੇ ਦੀਆਂ ਬਾਰਾਂ ਸਨ ਜਿਨ੍ਹਾਂ ਦਾ ਮੁੱਲ $20 ਮਿਲੀਅਨ ਤੋਂ ਵੱਧ ਸੀ। ਇਸ ਖੇਪ ਨੂੰ ਹਵਾਈ ਅੱਡੇ ’ਤੇ ਉਤਾਰਿਆ ਗਿਆ ਸੀ ਅਤੇ ਇੱਕ ਵੱਖਰੇ ਸਥਾਨ ’ਤੇ ਲਿਜਾਇਆ ਗਿਆ ਸੀ ਪਰ ਕੁਝ ਘੰਟਿਆਂ ਬਾਅਦ ਹੀ ਇਸ ਸਾਮਾਨ ਦੇ ਗਾਇਬ ਹੋਣ ਦੀ ਰਿਪੋਰਟ ਮਿਲੀ।

ਪੁਲੀਸ ਨੇ ਚੋਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤੇ ਇਸ ਮਾਮਲੇ ਵਿੱਚ ਦਸ ਵਿਅਕਤੀਆਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਵਾਰੰਟ ਜਾਰੀ ਕੀਤੇ ਗਏ ਤੇ 21 ਤੋਂ ਵੱਧ ਦੋਸ਼ ਲਗਾਏ ਗਏ।

ਇਸ ਮਾਮਲੇ ਵਿਚ ਦੋ ਵਿਅਕਤੀ ਹਾਲੇ ਵੀ ਫਰਾਰ ਹਨ, ਜਿਨ੍ਹਾਂ ਵਿੱਚ ਬਰੈਂਪਟਨ ਤੋਂ 33 ਸਾਲਾ ਸਿਮਰਨ ਪ੍ਰੀਤ ਪਨੇਸਰ ਸ਼ਾਮਲ ਹੈ, ਜੋ ਏਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਸੀ। ਪਨੇਸਰ ਭਾਰਤ ਵਿੱਚ ਰਹਿ ਰਿਹਾ ਮੰਨਿਆ ਜਾਂਦਾ ਹੈ।

ਇਸ ਮਾਮਲੇ ਦਾ ਇਕ ਹੋਰ ਮੁਲਜ਼ਮ 36 ਸਾਲਾ ਪ੍ਰਸਾਥ ਪਰਮਾਲਿੰਗਮ ਹੈ ਜੋ ਬਰੈਂਪਟਨ ਦਾ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦਾ ਮਸ਼ਕੂਕ ਸਿਮਰਨ ਪ੍ਰੀਤ ਪਨੇਸਰ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਪਨੇਸਰ 2.2 ਕਰੋੜ ਕੈਨੇਡੀਅਨ ਡਾਲਰ (ਕਰੀਬ 135 ਕਰੋੜ ਰੁਪਏ) ਮੁੱਲ ਦੀਆਂ ਸੋਨੇ ਦੀਆਂ ਬਾਰਜ਼ ਦੀ ਚੋਰੀ ਵਿੱਚ ਸ਼ਾਮਲ ਸੀ। ਪਨੇਸਰ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਹੈ। ਕੈਨੇਡੀਅਨ ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਨੇਸਰ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਨਜ਼ਦੀਕ ਰਹਿ ਰਿਹਾ ਸੀ।

‘ਦਿ ਫਿਫਥ ਅਸਟੇਟ ਵੱਲੋਂ ਕੀਤੀ ਗਈ ਸਾਂਝੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿਮਰਨ ਪ੍ਰੀਤ ਪਨੇਸਰ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰਾ ਹੈ।

Share: