ਦੋਵੇਂ ਹੱਥ ਲੱਡੂ: ਪੈਨਸ਼ਨ ਹੀ ਪੈਨਸ਼ਨ, ਬਿਨਾਂ ਕੋਈ ਟੈਨਸ਼ਨ

ਦੋਵੇਂ ਹੱਥ ਲੱਡੂ: ਪੈਨਸ਼ਨ ਹੀ ਪੈਨਸ਼ਨ, ਬਿਨਾਂ ਕੋਈ ਟੈਨਸ਼ਨ

ਚੰਡੀਗਡ਼੍ਹ: ਪੰਜਾਬ ’ਚ ਕਿੰਨੇ ਹੀ ਅਜਿਹੇ ਸਿਆਸੀ ਪਰਿਵਾਰ ਹਨ ਜਿਨ੍ਹਾਂ ਦੇ ਘਰਾਂ ’ਚ ਪੈਨਸ਼ਨਾਂ ਦਾ ਮੀਂਹ ਵਰ੍ਹਦਾ ਹੈ। ਕਿਸੇ ਸਿਆਸੀ ਘਰ ’ਚ ਮਾਂ-ਪੁੱਤ, ਕਿਸੇ ’ਚ ਭਰਾ-ਭਰਾ ਅਤੇ ਕਿਸੇ ’ਚ ਦਰਾਣੀ-ਜੇਠਾਣੀ ਨੂੰ ਪੈਨਸ਼ਨ ਮਿਲਦੀ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਜੀਆਂ ਨੂੰ ਤਿੰਨ ਪੈਨਸ਼ਨਾਂ ਮਿਲਦੀਆਂ ਹਨ। ਮਰਹੂਮ ਮੁੱਖ ਮੰਤਰੀ ਦੇ ਲੜਕੇ ਤੇਜ ਪ੍ਰਕਾਸ਼ ਸਿੰਘ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਜਿਨ੍ਹਾਂ ਨੂੰ ਪ੍ਰਤੀ ਮਹੀਨਾ ਕਰੀਬ 85 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ (ਪੋਤਰਾ) ਵੀ ਪੈਨਸ਼ਨ ਲੈ ਰਿਹਾ ਹੈ ਤੇ ਸਾਬਕਾ ਵਿਧਾਇਕ ਗੁਰਕੰਵਲ ਕੌਰ (ਲੜਕੀ) ਨੂੰ ਵੀ ਪ੍ਰਤੀ ਮਹੀਨਾ 85 ਹਜ਼ਾਰ ਪੈਨਸ਼ਨ ਮਿਲਦੀ ਹੈ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਪਰਿਵਾਰ ’ਚ ਖ਼ੁਦ ਬੀਬੀ ਭੱਠਲ ਪੈਨਸ਼ਨ ਲੈ ਰਹੇ ਹਨ। ਉਨ੍ਹਾਂ ਦਾ ਭਰਾ ਮਰਹੂਮ ਕੁਲਦੀਪ ਸਿੰਘ ਅਤੇ ਮਰਹੂਮ ਮਨਜੀਤ ਸਿੰਘ ਭੱਠਲ ਵੀ ਵਿਧਾਇਕ ਰਹੇ ਸਨ। ਬੀਬੀ ਭੱਠਲ ਦੀ ਇੱਕ ਭਰਜਾਈ ਵੀ ਪੈਨਸ਼ਨ ਲੈ ਰਹੀ ਹੈ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ’ਚੋਂ ਦਰਾਣੀ-ਜਠਾਣੀ ਸੁਖਜਿੰਦਰ ਕੌਰ ਰਾਣਾ ਅਤੇ ਰਾਜਬੰਸ ਕੌਰ ਰਾਣਾ ਨੂੰ ਪੈਨਸ਼ਨ ਲੱਗੀ ਹੋਈ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਲੜਕਾ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਫਤਹਿਜੰਗ ਸਿੰਘ ਬਾਜਵਾ ਅਤੇ ਪਤਨੀ ਚਰਨਜੀਤ ਕੌਰ ਵੀ ਵਿਧਾਇਕ ਰਹਿ ਚੁੱਕੇ ਹਨ। ਦੋਵੇਂ ਦਿਉਰ-ਭਰਜਾਈ ਨੂੰ 1.70 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਉਨ੍ਹਾਂ ਦੇ ਭਰਾ ਸੱਜਣ ਕੁਮਾਰ ਜਾਖੜ ਨੂੰ ਵੀ ਪੈਨਸ਼ਨ ਮਿਲ ਰਹੀ ਹੈ। ਦੂਲੋ ਪਰਿਵਾਰ ਨੂੰ ਤਿੰਨ ਪੈਨਸ਼ਨਾਂ ਮਿਲਦੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਖ਼ੁਦ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਰਹੇ ਹਨ। ਉਹ ਦੋ ਪੈਨਸ਼ਨਾਂ ਲੈ ਰਹੇ ਹਨ। ਉਨ੍ਹਾਂ ਦੀ ਪਤਨੀ ਹਰਬੰਸ ਕੌਰ ਦੂਲੋ ਵੀ ਬਤੌਰ ਸਾਬਕਾ ਵਿਧਾਇਕ ਪੈਨਸ਼ਨ ਲੈ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵਾਰੋ-ਵਾਰੀ ਸੰਸਦ ਮੈਂਬਰ ਤੇ ਵਿਧਾਇਕ ਰਹਿ ਚੁੱਕੇ ਹਨ।

ਦੋਵੇਂ ਪਤੀ-ਪਤਨੀ ਚਾਰ ਪੈਨਸ਼ਨਾਂ ਦੇ ਹੱਕਦਾਰ ਹਨ। ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਨੂੰਹ ਕੁਸਮ ਕੁਮਾਰੀ ਵੀ ਦੋ ਪੈਨਸ਼ਨਾਂ ਦੀ ਹੱਕਦਾਰ ਹੈ। ਸ੍ਰੀ ਕੈਰੋਂ ਦਾ ਲੜਕਾ ਸੁਰਿੰਦਰ ਸਿੰਘ ਕੈਰੋਂ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਸੰਸਦ ਮੈਂਬਰ ਬਣਿਆ ਸੀ। ਉਨ੍ਹਾਂ ਦਾ ਲੜਕਾ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਕਰੀਬ 85 ਹਜ਼ਾਰ ਰੁਪਏ ਪੈਨਸ਼ਨ ਲੈ ਰਿਹਾ ਹੈ।

ਪ੍ਰੋ. ਚੰਦੂਮਾਜਰਾ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਵਜੋਂ ਦੋ ਪੈਨਸ਼ਨਾਂ ਤੇ ਉਨ੍ਹਾਂ ਦਾ ਲੜਕਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲੈ ਰਹੇ ਹਨ। ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਰਾਜ ਸਭਾ ਮੈਂਬਰ ਰਹੇ ਅਤੇ ਪੰਜਾਬ ’ਚ ਸਾਬਕਾ ਮੰਤਰੀ ਵੀ ਰਹੇ। ਉਹ ਦੋ ਪੈਨਸ਼ਨਾਂ ਅਤੇ ਉਨ੍ਹਾਂ ਦਾ ਲੜਕਾ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵੀ ਪੈਨਸ਼ਨ ਲੈ ਰਿਹਾ ਹੈ। ਰਤਨ ਸਿੰਘ ਅਜਨਾਲਾ ਦੋ ਵਾਰ ਸੰਸਦ ਮੈਂਬਰ ਅਤੇ ਚਾਰ ਵਾਰ ਵਿਧਾਇਕ ਰਹੇ। ਉਨ੍ਹਾਂ ਨੂੰ ਦੋ ਪੈਨਸ਼ਨਾਂ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਅਮਰਪਾਲ ਸਿੰਘ ਅਜਨਾਲਾ ਨੂੰ ਇੱਕ ਪੈਨਸ਼ਨ ਮਿਲਦੀ ਹੈ। ਚਰਨਜੀਤ ਸਿੰਘ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ।

ਉਨ੍ਹਾਂ ਨੂੰ ਦੋ ਪੈਨਸ਼ਨਾਂ ਅਤੇ ਉਨ੍ਹਾਂ ਦੇ ਲੜਕੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਇੱਕ ਪੈਨਸ਼ਨ ਮਿਲਦੀ ਹੈ। ਇਸ ਤੋਂ ਇਲਾਵਾ ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖ਼ੁਦ ਵੀ ਪੈਨਸ਼ਨ ਲੈ ਰਹੇ ਹਨ ਅਤੇ ਉਨ੍ਹਾਂ ਦੀ ਸਾਬਕਾ ਵਿਧਾਇਕ ਮਾਤਾ ਨੂੰ ਵੀ ਦੋ ਪੈਨਸ਼ਨਾਂ ਮਿਲਦੀਆਂ ਹਨ।

ਕਾਂਗਰਸੀ ਆਗੂ ਲਾਲ ਸਿੰਘ ਖ਼ੁਦ ਅਤੇ ਉਨ੍ਹਾਂ ਦਾ ਲੜਕਾ ਸਾਬਕਾ ਵਿਧਾਇਕ ਲੜਕਾ ਰਜਿੰਦਰ ਸਿੰਘ ਵੀ ਪੈਨਸ਼ਨ ਲੈ ਰਹੇ ਹਨ।

ਨਵਜੋਤ ਸਿੰਘ ਸਿੱਧੂ ਬਤੌਰ ਸੰਸਦ ਮੈਂਬਰ ਅਤੇ ਬਤੌਰ ਸਾਬਕਾ ਵਿਧਾਇਕ ਦੋ ਪੈਨਸ਼ਨਾਂ ਲਈ ਯੋਗ ਹਨ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਇੱਕ ਪੈਨਸ਼ਨ ਦੀ ਹੱਕਦਾਰ ਹੈ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਤਿੰਨ ਪੈਨਸ਼ਨਾਂ ਦੀ ਹੱਕਦਾਰ ਹੈ। ਸ੍ਰੀ ਬਰਨਾਲਾ ਖ਼ੁਦ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਸੁਰਜੀਤ ਕੌਰ ਬਰਨਾਲਾ ਦੋ ਫੈਮਲੀ ਪੈਨਸ਼ਨਾਂ ਤੇ ਉਨ੍ਹਾਂ ਦਾ ਲੜਕਾ ਗਗਨਦੀਪ ਸਿੰਘ ਬਰਾੜ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲੈ ਰਿਹਾ ਹੈ। ਬਰਨਾਲਾ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਤਰਫ਼ੋਂ ਕੋਈ ਹੁੰਗਾਰਾ ਨਹੀਂ ਆਇਆ।

ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਖ਼ੁਦ ਅਤੇ ਉਨ੍ਹਾਂ ਦੀ ਮਾਤਾ ਊਸ਼ਾ ਸਿੰਗਲਾ ਨੂੰ ਪੈਨਸ਼ਨ ਮਿਲ ਰਹੀ ਹੈ। ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੂੰ ਫੈਮਿਲੀ ਪੈਨਸ਼ਨ ਅਤੇ ਉਨ੍ਹਾਂ ਦੇ ਲੜਕੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਨੂੰ ਵੀ ਪੈਨਸ਼ਨ ਮਿਲਦੀ ਹੈ।

ਖ਼ਰਚਿਆਂ ਮੁਕਾਬਲੇ ਪੈਨਸ਼ਨ ਮਾਮੂਲੀ: ਅਟਵਾਲ

ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਕਹਿਣਾ ਸੀ ਕਿ ਸਾਬਕਾ ਸੰਸਦ ਮੈਂਬਰ ਵਜੋਂ ਮਿਲਦੀ ਪੈਨਸ਼ਨ ਖ਼ਰਚਿਆਂ ਮੁਕਾਬਲੇ ਨਾਮਾਤਰ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਆਸਤ ’ਚ ਇਮਾਨਦਾਰੀ ਰੱਖਣ ਲਈ ਤਨਖ਼ਾਹ ਤੇ ਪੈਨਸ਼ਨ ਜ਼ਰੂਰ ਢੁਕਵੀਂ ਹੋਣੀ ਚਾਹੀਦੀ ਹੈ।

ਪੈਨਸ਼ਨ ਲਈ ਕੋਈ ਸ਼ਰਤ ਨਹੀਂ

ਸਾਬਕਾ ਵਿਧਾਇਕ ਦੀ ਪੈਨਸ਼ਨ ਦੇ ਹੱਕ ਲਈ ਹੁਣ ਕੋਈ ਸ਼ਰਤ ਨਹੀਂ ਹੈ। ਪਹਿਲਾਂ ਘੱਟੋ-ਘੱਟ ਸਾਢੇ ਚਾਰ ਸਾਲ ਵਿਧਾਇਕ ਰਹਿਣ ਵਾਲੇ ਜਾਂ ਫਿਰ ਪੰਜਾਬ ਵਿਧਾਨ ਸਭਾ ਭੰਗ ਹੋਣ ਤੋਂ ਠੀਕ ਛੇ ਮਹੀਨੇ ਪਹਿਲਾਂ ਤੱਕ ਵਿਧਾਇਕ ਰਹਿਣ ਵਾਲੇ ਨੂੰ ਪੈਨਸ਼ਨ ਦਾ ਹੱਕ ਸੀ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਇਹ ਸ਼ਰਤ 26 ਅਕਤੂਬਰ 2016 ਨੂੰ ਹਟਾ ਦਿੱਤੀ ਸੀ। ਹੁਣ ਇੱਕ ਦਿਨ ਵਿਧਾਇਕ ਰਹਿਣ ਵਾਲਾ ਵੀ ਪ੍ਰਤੀ ਮਹੀਨਾ 85 ਹਜ਼ਾਰ ਰੁਪਏ ਦੀ ਪੈਨਸ਼ਨ ਲਈ ਯੋਗ ਹੈ।

Share: