ਲੁਧਿਆਣਾ: ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਸਿੰਘ ਦਾਖਾ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ 110 ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਪਿੱਛੇ ਸਰਕਾਰ ਦੀ ਵੱਡੀ ਸਾਜ਼ਿਸ਼ ਹੈ, ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਹ ਅੱਜ ਪਿੰਡ ਚੂਹੜਪੁਰ ਵਿੱਚ ਕਾਂਗਰਸੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਨਗਰ ਨਿਗਮ ਦੀ ਹਦੂਦ ਨੂੰ ਵਧਾਉਣ ਲਈ 110 ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਨਵੀਂ ਨੀਤੀ ਲਿਆਉਣ ਦੀ ਨਵੀਂ ਸਾਜ਼ਿਸ਼ ਰਚੀ ਹੈ ਪਰ ਲੋਕ ਅਜਿਹਾ ਕੁੱਝ ਵੀ ਨਹੀਂ ਹੋਣ ਦੇਣਗੇ। ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਿਹੜੇ ਪਹਿਲਾਂ ਪਿੰਡ ਜਾਂ ਮੁਹੱਲੇ ਨਗਰ ਨਿਗਮ ਦੀ ਹਦੂਦ ਵਿੱਚ ਆਉਂਦੇ ਹਨ, ਉਹ ਲੋਕ ਤਾਂ ਅੱਜ ਵੀ ਮੁਢੱਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਕਿਉਂਕਿ ਉਨ੍ਹਾਂ ਵਿੱਚ ਗਲੀਆਂ, ਨਾਲੀਆਂ, ਸੜਕਾਂ, ਵਾਟਰ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੀ ਤਰਸਯੋਗ ਹਾਲਾਤ ਹੈ ਅਤੇ ਦੁਖੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਦਕਿ ਹੋਰ ਰਲਾਏ ਜਾਣ ਵਾਲੇ 110 ਪਿੰਡ ਸਰਕਾਰ ਤੋਂ ਕੀ ਆਸ ਰੱਖਣਗੇ। ਉਨਾਂ ਕਿਹਾ ਕਿ ਮਗਨਰੇਗਾ ਵਰਕਰਾਂ ਦੇ ਹੱਕ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਇਕਾਈ ਦੇ ਇੰਚਾਰਜ ਭੂਪੇਸ਼ ਬਘੇਲ ਦੀ ਅਗਵਾਈ ਵਿੱਚ 9 ਜਨਵਰੀ ਨੂੰ ਸਮਰਾਲਾ ਵਿੱਚ ਰੈਲੀ ਕੀਤੀ ਜਾ ਰਹੀ ਹੈ, ਤਾਂ ਜੋ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਇਨਸਾਫ਼ ਮਿਲ ਸਕੇ। ਮੀਟਿੰਗ ਵਿੱਚ ਸਾਬਕਾ ਸਰਪੰਚ ਮਨਦੀਪ ਸਿੰਘ ਚੂਹੜਪੁਰ, ਨੰਬਰਦਾਰ ਨਿਰਮਲ ਸਿੰਘ, ਹਰਜੀਤ ਸਿੰਘ ਚੀਮਾ, ਅਮਨਿੰਦਰ ਸਿੰਘ, ਜਗਤਾਰ ਸਿੰਘ ਐੱਨ ਆਰ ਆਈ, ਗੁਰਦੀਪ ਸਿੰਘ ਮੂੰਡੀ, ਹਰਜਿੰਦਰ ਸਿੰਘ ਗਰੇਵਾਲ, ਅਰਸ਼ਦੀਪ ਸਿੰਘ, ਰਣਜੋਧ ਸਿੰਘ, ਕੁਲਵਿੰਦਰ ਸਿੰਘ ਹੈਵਨ ਅਤੇ ਪ੍ਰਿਪਾਲ ਸਿੰਘ ਹਾਜ਼ਰ ਸਨ।
