ਚੰਡੀਗੜ੍ਹ: ਦੇਸ਼ ਭਰ ਦੇ ਜਨਤਕ ਖੇਤਰ ਦੇ ਬੈਂਕਾਂ ਦਾ ਕੰਮਕਾਜ ਅੱਜ 27 ਜਨਵਰੀ ਨੂੰ ਪ੍ਰਭਾਵਿਤ ਹੋਇਆ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ.) ਨੇ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਤੁਰੰਤ ਲਾਗੂ ਕਰਨ ਲਈ ਦਬਾਅ ਪਾਉਣ ਲਈ ਅੱਜ ਦੇਸ਼ ਵਿਆਪੀ ਹੜਤਾਲ ਕੀਤੀ। ਇਸ ਦਾ ਅਸਰ ਬੈਂਕਾਂ ਦੇ ਕੰਮ ਕਾਜ ‘ਤੇ ਪਿਆ। ਹਫਤੇ ਵਿੱਚ ਪੰਜ ਦਿਨ ਕੰਮ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ਦੇ ਬੈਂਕ ਕਾਮੇ ਹੜਤਾਲ ਉੱਤੇ ਚਲੇ ਗਏ ਹਨ। ਇਸ ਦੌਰਾਨ ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ ਸਣੇ ਦੇਸ਼ ਦੀਆਂ ਨੌਂ ਬੈਂਕ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਲ ਇੰਡੀਆ ਬੈਂਕ ਆਫ ਆਫਿਸਰਜ਼ ਕਨਫੈਡਰੇਸ਼ਨ ਦੇ ਸੀਨੀਅਰ ਆਗੂ ਰਾਜੀਵ ਸਰਹੰਦੀ ਨੇ ਕਿਹਾ ਕਿ 23 ਜਨਵਰੀ ਨੂੰ ਮੁੱਖ ਕਿਰਤ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਦੇ ਬੇਨਤੀਜਾ ਰਹਿਣ ਕਾਰਨ ਯੂ.ਐਫ.ਬੀ.ਯੂ. ਵਲੋਂ ਹੜਤਾਲ ਕੀਤੀ ਗਈ। ਇਸ ਤੋਂ ਪਹਿਲਾਂ 24 ਤੋਂ 26 ਜਨਵਰੀ ਤਕ ਬੈਂਕ ਬੰਦ ਰਹੇ ਸਨ ਤੇ ਲੋਕਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਕੰਮ ਅੱਜ ਮੰਗਲਵਾਰ ਨੂੰ ਹੋਣਗੇ ਪਰ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਵਿੱਚ ਵਿਘਨ ਪਿਆ। ਬੈਂਕ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਦੇਸ਼ ਵਿੱਚ ਬੈਂਕਿੰਗ ਖੇਤਰ ਨਾਲ ਸਬੰਧਤ 9 ਵੱਖ-ਵੱਖ ਯੂਨੀਅਨਾਂ ਨੇ ਹੜਤਾਲ ਕੀਤੀ। ਇਸ ਦੌਰਾਨ ਬੈਂਕਿੰਗ ਖੇਤਰ ਨਾਲ ਸਬੰਧਤ 8 ਲੱਖ ਬੈਂਕ ਕਾਮੇ ਬੈਂਕਿੰਗ ਖੇਤਰ ਵਿੱਚ ਕੰਮਕਾਜ ਬੰਦ ਕਰਕੇ ਹੜਤਾਲ ’ਤੇ ਰਹੇ। ਆਗੂਆਂ ਨੇ ਕਿਹਾ ਕਿ ਬੈਂਕਿੰਗ ਖੇਤਰ ਦੇ ਮੁਲਾਜ਼ਮਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਅਗੌਲਿਆ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਸਣੇ ਦੇਸ਼ ਭਰ ਵਿੱਚ ਸਰਕਾਰੀ ਦਫ਼ਤਰ ਵਿੱਚ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਦੇ ਹਨ, ਪਰ ਬੈਂਕਿੰਗ ਖੇਤਰ ਨੂੰ ਮਹੀਨੇ ਵਿੱਚ ਦੂਜੇ ਤੇ ਚੌਥੇ ਸ਼ਨਿੱਚਰਵਾਰ ਨੂੰ ਛੁੱਟੀ ਕੀਤੀ ਜਾਂਦੀ ਹੈ। ਜਦੋਂ ਕਿ ਪਹਿਲੇ ਤੇ ਤੀਜੇ ਸ਼ਨਿੱਚਰਵਾਰ ਨੂੰ ਬੈਂਕ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੇਸ਼ ਵਿੱਚ ਬੈਂਕਿੰਗ ਖੇਤਰ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨਾ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Posted inChandigarh
ਹੜਤਾਲ ਕਾਰਨ ਬੈਂਕਾਂ ਦਾ ਕੰਮ-ਕਾਜ ਪ੍ਰਭਾਵਿਤ

