ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਵੀਰਵਾਰ ਨੂੰ ਕਿਹਾ ਕਿ 6 ਜਨਵਰੀ ਨੂੰ ਸਦਨ ਵਿੱਚ ਵਾਪਰੀ ਇੱਕ “ਮੰਦਭਾਗੀ ਘਟਨਾ” ਨੇ ਤਿੰਨ ਦਿਨਾਂ ਤੱਕ ਕਾਰਵਾਈ ਵਿੱਚ ਵਿਘਨ ਪਾਇਆ ਅਤੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਜਿਸ ਵਿੱਚ ਵਿਧਾਨਕ ਕੰਮਕਾਜ ਜਾਰੀ ਰੱਖਣਾ ਅਸੰਭਵ ਹੋ ਗਿਆ।
6 ਜਨਵਰੀ ਨੂੰ ਵਿਧਾਨ ਸਭਾ ਵਿੱਚ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਪ੍ਰਤੀ ਕਥਿਤ ਨਿਰਾਦਰ ਦਾ ਮੁੱਦਾ—ਜੋ ਕਿ ਪਿਛਲੇ ਸਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਰਕਾਰ ਦੇ ਪ੍ਰੋਗਰਾਮ ‘ਤੇ ਚਰਚਾ ਤੋਂ ਬਾਅਦ ਸ਼ੁਰੂ ਹੋਇਆ ਸੀ—ਹੁਣ ਦਿੱਲੀ ਦੀ ਸੱਤਾਧਾਰੀ ਭਾਜਪਾ ਅਤੇ ਪੰਜਾਬ ਦੀ ‘ਆਪ’ ਸਰਕਾਰ ਵਿਚਕਾਰ ਇੱਕ ਵੱਡਾ ਸਿਆਸੀ ਵਿਵਾਦ ਬਣ ਗਿਆ ਹੈ। ਉਧਰ ਆਤਿਸ਼ੀ ਨੇ ਭਾਜਪਾ ’ਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ,ਹਾਲਾਂਕਿ ਘਟਨਾ ਤੋਂ ਬਾਅਦ ਉਹ ਦਿੱਲੀ ਵਿਧਾਨ ਸਭਾ ਦੀਆਂ ਬੈਠਕਾਂ ਵਿੱਚ ਸ਼ਾਮਲ ਨਹੀਂ ਹੋਈ।
ਜਿੱਥੇ ਪੰਜਾਬ ਪੁਲੀਸ ਨੇ ਆਤਿਸ਼ੀ ਦੀ ਕਥਿਤ “ਡਾਕਟਰਡ” (ਛੇੜਛਾੜ ਕੀਤੀ ਗਈ) ਵੀਡੀਓ ਕਲਿੱਪ ਦੀ ਵਰਤੋਂ ਅਤੇ ਪ੍ਰਸਾਰਣ ਨੂੰ ਲੈ ਕੇ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਹੈ,ਉੱਥੇ ਹੀ ਦਿੱਲੀ ਵਿਧਾਨ ਸਭਾ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਪੰਜਾਬ ਦੇ ਉੱਚ ਪੁਲੀਸ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ।
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਗੁਪਤਾ ਨੇ ਦੱਸਿਆ ਕਿ 7 ਜਨਵਰੀ ਨੂੰ ਸਦਨ ਵਿੱਚ 6 ਜਨਵਰੀ ਦੀ ਕਾਰਵਾਈ ਦਾ ਲਿਖਤੀ ਰਿਕਾਰਡ ਪੜ੍ਹ ਕੇ ਸੁਣਾਇਆ ਗਿਆ ਸੀ,ਜਿਸ ਤੋਂ ਬਾਅਦ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ ਆਪਣਾ ਪੱਖ ਸਪੱਸ਼ਟ ਕਰਨ ਦਾ ਮੌਕਾ ਦਿੱਤਾ ਗਿਆ। ਸਪੀਕਰ ਨੇ ਕਿਹਾ ਕਿ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ,ਪੁਲੀਸ ਅਤੇ ਇਸ ਵਿੱਚ ਸ਼ਾਮਲ ਸਿਆਸੀ ਹਸਤੀਆਂ ਦੀ ਭੂਮਿਕਾ ਦੀ ਸਪੱਸ਼ਟ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਸਦਨ ਵਿੱਚ ਪਹਿਲੀ ਵਾਰ ਇਹ ਮੁੱਦਾ ਉੱਠਿਆ ਸੀ,ਤਾਂ ਆਤਿਸ਼ੀ ਬਿਨਾਂ ਕੋਈ ਜਵਾਬ ਦਿੱਤੇ ਬਾਹਰ ਚਲੀ ਗਈ ਸੀ,ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਅਤੇ ਕਾਰਵਾਈ ਮੁਲਤਵੀ ਕਰਨੀ ਪਈ। ਦਿੱਲੀ ਵਿਧਾਨ ਸਭਾ ਨੇ ਹੁਣ ਆਤਿਸ਼ੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਿੱਖ ਗੁਰੂਆਂ ਵਿਰੁੱਧ ਕਥਿਤ “ਅਪਮਾਨਜਨਕ ਟਿੱਪਣੀ” ਦੇ ਸਬੰਧ ਵਿੱਚ 19 ਜਨਵਰੀ ਤੱਕ ਆਪਣਾ ਲਿਖਤੀ ਬਿਆਨ ਦਰਜ ਕਰਵਾਏ।

