ਢਾਕਾ: ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਹਿੰਦੂ ਦੀ ਪਛਾਣ ਆਟੋ ਰਿਕਸ਼ਾ ਡਰਾਈਵਰ ਸਮੀਰ ਕੁਮਾਰ ਦਾਸ ਵਜੋਂ ਹੋਈ ਹੈ। ਇਹ ਹਾਦਸਾ ਚਟਗਾਉਂ ਡਿਵੀਜ਼ਨ ਵਿਚ ਦਾਗਨਭੂਈਆਂ ਵਿਚ ਉਸ ਵੇਲੇ ਵਾਪਰਿਆ ਜਦੋਂ ਸਮੀਰ ਰਾਤ ਵੇਲੇ ਆਪਣੇ ਘਰ ਪਰਤ ਰਿਹਾ ਸੀ। ਇਸ ਦੌਰਾਨ ਅਣਪਛਾਤਿਆਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰਾਂ ਨੇ ਉਸ ਦਾ ਆਟੋ ਰਿਕਸ਼ਾ ਤੇ ਸਾਮਾਨ ਵੀ ਖੋਹ ਲਿਆ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਐਤਵਾਰ ਰਾਤ ਵੇਲੇ ਵਾਪਰਿਆ। ਸਮੀਰ ਸ਼ਾਮ ਵੇਲੇ ਆਪਣੇ ਘਰੋਂ ਆਟੋ ਰਿਕਸ਼ਾ ’ਤੇ ਨਿਕਲਿਆ ਸੀ ਤੇ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਭਾਲ ਕੀਤੀ ਤੇ ਇਸ ਦੌਰਾਨ ਦੇਰ ਰਾਤ ਉਸ ਦੀ ਮ੍ਰਿਤਕ ਦੇਹ ਖੇਤਾਂ ਵਿਚੋਂ ਮਿਲੀ। ਪੁਲੀਸ ਨੇ ਦੱਸਿਆ ਕਿ ਇਹ ਯੋਜਨਾ ਬਣਾ ਕੇ ਕੀਤਾ ਗਿਆ ਕਤਲ ਲਗਦਾ ਹੈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਗਲਾਦੇਸ਼ ਵਿਚ ਪਿਛਲੇ 23 ਦਿਨਾਂ ਵਿਚ ਇਹ ਸੱਤਵੇਂ ਹਿੰਦੂ ਦੀ ਹੱਤਿਆ ਹੈ। ਇਸ ਤੋਂ ਪਹਿਲਾਂ 5 ਜਨਵਰੀ ਨੂੰ ਨਰਸਿੰਦੀ ਜ਼ਿਲ੍ਹੇ ਵਿਚ ਇਕ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਬੰਗਲਾਦੇਸ਼ ਵਿਚ ਪਿਛਲੇ ਸਾਲ 18 ਦਸੰਬਰ ਨੂੰ ਦੀਪੂ ਚੰਦਰ ਦਾਸ ਦੀ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿਚ ਵੀ ਖਟਾਸ ਆਉਣੀ ਸ਼ੁਰੂ ਹੋ ਗਈ।
